ਹੋਰ ਗੁਰਦਾਸਪੁਰ ਪੰਜਾਬ

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਮੰਡੀਆਂ ਵਿੱਚ ਕਿਸਾਨ ਸੇਵਾ ਕੇਂਦਰ ਸਥਾਪਤ

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਮੰਡੀਆਂ ਵਿੱਚ ਕਿਸਾਨ ਸੇਵਾ ਕੇਂਦਰ ਸਥਾਪਤ
  • PublishedOctober 5, 2022

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੰਟਰੋਲ ਰੂਮ ਵੀ ਸਥਾਪਤ ਕੀਤਾ

ਗੁਰਦਾਸਪੁਰ, 5 ਅਕਤੂਬਰ ( ਮੰਨਣ ਸੈਣੀ) । ਝੋਨੇ ਦੀ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਦੀਆਂ 10 ਵੱਡੀਆਂ ਮੰਡੀਆਂ ਬਟਾਲਾ, ਗੁਰਦਾਸਪੁਰ, ਕਲਾਨੌਰ, ਦੀਨਾਨਗਰ, ਡੇਰਾ ਬਾਬਾ ਨਾਨਕ, ਕਾਦੀਆਂ, ਫ਼ਤਹਿਗੜ ਚੂੜੀਆਂ, ਕਾਹਨੂੰਵਾਨ, ਸ੍ਰੀ ਹਰਗੋਬਿੰਪੁਰ ਸਾਹਿਬ ਅਤੇ ਧਾਰੀਵਾਲ ਵਿਖੇ ਕਿਸਾਨ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਸੇਵਾ ਕੇਂਦਰਾਂ ’ਤੇ ਕਿਸਾਨ ਆਪਣੀਆਂ ਮੁਸ਼ਕਲਾਂ/ਸ਼ਿਕਾਇਤਾਂ ਜਿਵੇਂ ਝੋਨੇ ਵਿੱਚ ਨਮੀਂ ਦੀ ਮਾਤਰਾ, ਜੇ ਫਾਰਮ ਨਾ ਮਿਲਣਾ, ਘੱਟ ਤੋਲ ਅਤੇ ਬੋਲੀ ਨਾ ਲਗਾਉਣ ਸਬੰਧੀ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਸੇਵਾ ਕੇਂਦਰ ’ਤੇ ਤਾਇਨਾਤ ਕਰਮਚਾਰੀ ਕਿਸਾਨਾਂ ਦੀ ਸ਼ਿਕਾਇਤ ਨੂੰ ਓਸੇ ਵਲੇ ਗੂਗਲਸ਼ੀਟ ’ਤੇ ਅਪਲੋਡ ਕਰਨਗੇ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਉਸ ਸ਼ਿਕਾਇਤ ਉੱਪਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸੇਵਾ ਕੇਂਦਰਾਂ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਨਿਗਰਾਨੀ ਉਨ੍ਹਾਂ ਦੇ ਦਫ਼ਤਰ ਵੱਲੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 10 ਵੱਡੀਆਂ ਮੰਡੀਆਂ ਤੋਂ ਇਲਾਵਾ ਬਾਕੀ ਮੰਡੀਆਂ ਵਿੱਚ ਵੀ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਝੋਨੇ ਦੇ ਖਰੀਦ ਪ੍ਰਬੰਧਾਂ ਉੱਪਰ ਤਿੱਖੀ ਨਜ਼ਰ ਰੱਖਣਗੀਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ.ਐੱਫ.ਐੱਸ.ਸੀ. ਦਫ਼ਤਰ ਗੁਰਦਾਸਪੁਰ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸਦਾ ਨੰਬਰ 01874-247193 ਹੈ। ਇਹ ਕੰਟਰੋਲ ਰੂਮ ਖਰੀਦ ਸੀਜ਼ਨ ਦੌਰਾਨ ਰੋਜ਼ਾਨਾ ਸਵੇਰੇ 7:00 ਵਜੇ ਤੋਂ ਦੇਰ ਸ਼ਾਮ 8:00 ਵਜੇ ਤੱਕ ਕੰਮ ਕਰੇਗਾ ਅਤੇ ਕਿਸਾਨ ਖਰੀਦ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣ ਜਾਂ ਕਿਸੇ ਸਮੱਸਿਆ ਦੇ ਹੱਲ ਲਈ ਏਥੇ ਵੀ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਸੀਜ਼ਨ ਦੌਰਾਨ ਉਹ ਰੋਜ਼ਾਨਾਂ 9 ਵਜੇ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਦੇ ਹਨ ਅਤੇ ਕਿਸਾਨ ਉਸ ਮੀਟਿੰਗ ਵਿੱਚ ਵੀ ਭਾਗ ਲੈ ਕੇ ਆਪਣੀ ਮੁਸ਼ਕਲ ਦੱਸ ਸਕਦੇ ਹਨ।  

Written By
The Punjab Wire