ਹੋਰ ਗੁਰਦਾਸਪੁਰ ਪੰਜਾਬ

ਜੇਲ੍ਹ ਵਿਭਾਗ ਵੱਲੋਂ ਬੰਦੀਆਂ ਲਈ ‘ਵਿਆਹੁਤਾ ਮੁਲਾਕਾਤ’ ਦੀ ਸ਼ੁਰੂਆਤ

ਜੇਲ੍ਹ ਵਿਭਾਗ ਵੱਲੋਂ ਬੰਦੀਆਂ ਲਈ ‘ਵਿਆਹੁਤਾ ਮੁਲਾਕਾਤ’ ਦੀ ਸ਼ੁਰੂਆਤ
  • PublishedSeptember 30, 2022

ਅੱਜ ਪਹਿਲੇ ਦਿਨ ਕੇਂਦਰੀ ਸੁਧਾਰ ਘਰ ਗੁਰਦਾਸਪੁਰ ਵਿੱਚ ਹੋਈਆਂ 6 ‘ਵਿਆਹੁਤਾ ਮੁਲਾਕਾਤਾਂ’

ਗੁਰਦਾਸਪੁਰ, 30 ਸਤੰਬਰ ( ਮੰਨਣ ਸੈਣੀ) । ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਵੱਲੋਂ ਕੇਂਦਰੀ ਸੁਧਾਰ ਘਰਾਂ ਵਿੱਚ ਨਜ਼ਰਬੰਦ ਬੰਦੀਆਂ ਲਈ ‘ਪਰਿਵਾਰਕ ਮੁਲਾਕਾਤ’ ਸਫਲਤਾ ਤੋਂ ਬਾਅਦ ਹੁਣ ‘ਵਿਆਹੁਤਾ ਮੁਲਾਕਾਤ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਮਕਸਦ ਕੈਦੀਆਂ ਦੇ ਪਰਿਵਾਰਿਕ ਅਤੇ ਵਿਆਹੁਤਾ ਰਿਸ਼ਤਿਆਂ ਨੂੰ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਪਰਿਵਾਰਿਕ ਜੁੰਮੇਵਾਰੀਆਂ ਨੂੰ ਸਮਝਣ ਦਾ ਇੱਕ ਮੌਕਾ ਦੇਣਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸੁਧਾਰ ਘਰ ਦੇ ਸੁਪਰਡੈਂਟ ਸ. ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋ ਹਫ਼ਤੇ ਪਹਿਲਾਂ ਜੇਲ੍ਹਾਂ ਵਿੱਚ ‘ਪਰਿਵਾਰਕ ਮੁਲਾਕਾਤ’ ਸ਼ੁਰੂਆਤ ਕੀਤੀ ਗਈ ਸੀ ਜਿਸਦੀ ਸਫਲਤਾ ਤੋਂ ਬਾਅਦ ਹੁਣ ਜੇਲਾਂ ਵਿੱਚ ‘ਵਿਆਹੁਤਾ ਮੁਲਾਕਾਤ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਵਿਆਹੁਤਾ ਮੁਲਾਕਾਤ’ ਪ੍ਰੋਗਰਾਮ ਤਹਿਤ ਜੇਲ ਅੰਦਰ ਬੰਦ ਔਰਤ/ਮਰਦ ਹਵਾਲਾਤੀ ਤੇ ਕੈਦੀ ਆਪਣੇ ਪਤੀ/ਪਤਨੀ ਨੂੰ ਬੰਦ ਕਮਰੇ ਵਿੱਚ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ‘ਵਿਆਹੁਤਾ ਮੁਲਾਕਾਤ’ ਲਈ ਵਿਸ਼ੇਸ਼ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਜੇਲ ਸੁਪਰਡੈਂਟ ਸ. ਰਜਿੰਦਰ ਸਿੰਘ ਹੁੰਦਲ ਨੇ ‘ਵਿਆਹੁਤਾ ਮੁਲਾਕਾਤ’ ਸਬੰਧੀ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਮੁਲਾਕਾਤੀ ਕਾਨੂੰਨੀ ਤੌਰ ’ਤੇ ਬੰਦੀ ਦਾ ਪਤੀ/ਪਤਨੀ ਹੋਣਾ ਚਾਹੀਦਾ ਹੈ ਇਸ ਲਈ ਉਸ ਦੁਆਰਾ ਵੋਟਰ ਕਾਰਡ, ਅਧਾਰ ਕਾਰਡ ਆਦਿ ਪੇਸ਼ ਕਰਨਾ ਜਰੂਰੀ ਹੋਵੇਗਾ। ਮੁਲਾਕਾਤੀ ਵੱਲੋਂ ਆਪਣੇ ਵਿਆਹ ਦੇ ਪ੍ਰਮਾਣ ਦੇ ਤੌਰ ’ਤੇ ਵਿਆਹ ਦੀਆਂ ਫੋਟੋਆਂ, ਅਧਾਰ ਕਾਰਡ ਜਾਂ ਤਸਦੀਕਸ਼ੁਦਾ ਮੈਰਿਜ ਸਰਟੀਫਿਕੇਟ ਪੇਸ਼ ਕਰਨਾ ਜਰੂਰੀ ਹੋਵੇਗਾ। ਮੁਲਾਕਾਤੀ ਸਰਕਾਰੀ/ਪ੍ਰਾਇਵੇਟ ਰਜਿਸਟਰਡ ਲੈਬ ਵਿੱਚੋਂ ਐੱਸ.ਆਈ.ਵੀ, ਐੱਸ.ਟੀ.ਡੀ, ਕੋਵਿਡ, ਟੀ.ਬੀ ਆਦਿ ਬਿਮਾਰੀਆਂ ਤੋਂ ਰਹਿਣ ਹੋਣ ਸਬੰਧੀ ਸਰਟੀਫਿਕੇਟ ਪੇਸ਼ ਕਰੇਗਾ। ਮੁਲਾਕਾਤੀ ਦਾ ਜੇਲ੍ਹ ਦੇ ਮੈਡੀਕਲ ਅਫ਼ਸਰ ਵੱਲੋਂ ਨਸ਼ਾ ਰਹਿਤ ਹੋਣ ਸਬੰਧੀ ਟੈਸਟ ਕੀਤਾ ਜਾਵੇਗਾ। ਮੁਲਾਕਾਤੀ ਆਪਣੇ ਨਾਲ ਕਿਸੇ ਵੀ ਪ੍ਰਕਾਰ ਦਾ ਖਾਣ ਵਾਲਾ ਸਮਾਨ, ਤੋਹਫ਼ੇ, ਗਹਿਣੇ ਆਦਿ ਨਹੀਂ ਲੈ ਕੇ ਆਵੇਗਾ। ਮੁਲਾਕਾਤੀ ਆਪਣੇ ਨਾਲ ਕਿਸੇ ਕਿਸਮ ਦੀ ਕੋਈ ਵਰਜਿਤ ਵਸਤੂ ਜਿਵੇਂ ਕਿ ਮੋਬਾਇਲ ਫੋਨ, ਨਸ਼ਾ, ਤਿੱਖਾ ਹਥਿਆਰ ਆਦਿ ਨਹੀਂ ਲੈ ਕੇ ਆਵੇਗਾ। ਮੁਲਾਕਾਤੀ ਜਰੂਰੀ ਵਸਤਾਂ ਜਿਵੇਂ ਕਿ ਚਾਦਰ, ਸਾਬਣ, ਤੌਲੀਆ ਆਦਿ ਨਾਲ ਲੈ ਕੇ ਆਵੇਗਾ। ਉਨ੍ਹਾਂ ਦੱਸਿਆ ਕਿ ਵਿਆਹੁਤਾ ਮੁਲਾਕਾਤ ਦਾ ਸਮਾਂ 2 ਘੰਟੇ ਦਾ ਹੋਵੇਗਾ ਅਤੇ ਵਿਆਹੁਤਾ ਮੁਲਾਕਾਤ ਇੱਕ ਬੰਦੀ ਨੂੰ 2 ਮਹੀਨਿਆਂ ਵਿੱਚ ਇੱਕ ਵਾਰ ਕਰਵਾਈ ਜਾਵੇਗੀ।

ਜੇਲ ਸੁਪਰਡੈਂਟ ਸ. ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ 6 ਵਿਆਹੁਤਾ ਮੁਲਾਕਾਤਾਂ ਕਰਵਾਈਆਂ ਗਈਆਂ ਹਨ ਅਤੇ ਐਤਵਾਰ ਤੇ ਜੇਲ੍ਹ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾਂ ਮੁਲਾਕਾਤਾਂ ਦਾ ਇਹ ਸਿਲਸਲਾ ਜਾਰੀ ਰਹੇਗਾ।

Written By
The Punjab Wire