ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜ਼ਿਲ੍ਹਾ ਗੁਰਦਾਸਪੁਰ ਅੰਦਰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਹੋਣ ਜਾ ਰਹੀ ਵੈਰੀਫਿਕੇਸ਼ਨ

ਜ਼ਿਲ੍ਹਾ ਗੁਰਦਾਸਪੁਰ ਅੰਦਰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਹੋਣ ਜਾ ਰਹੀ ਵੈਰੀਫਿਕੇਸ਼ਨ
  • PublishedSeptember 13, 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੈਰੀਫਿਕੇਸ਼ਨ ਕਮੇਟੀਆਂ ਦਾ ਗਠਨ

ਵੈਰੀਫਿਕੇਸ਼ਨ ਤੋਂ ਬਾਅਦ ਯੋਗ ਅਤੇ ਅਯੋਗ ਕਾਰਡ ਧਾਰਕਾਂ ਦੀਆਂ ਲਿਸਟਾਂ ਕੀਤੀਆਂ ਜਾਣਗੀਆਂ ਜਨਤਕ

ਗੁਰਦਾਸਪੁਰ, 13 ਸਤੰਬਰ ( ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜ ਸਰਕਾਰ ਦੇ ਹੁਕਮਾਂ ਤਹਿਤ ਸਿਵਾਏ ਐੱਚ.ਆਈ.ਵੀ/ਏਡਜ਼ ਪ੍ਰਭਾਵਿਤ, ਫੀਮੇਲ ਸੈਕਸ ਵਰਕਰ ਅਤੇ ਕੋਵਿਡ ਦੌਰਾਨ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ ਤੋਂ ਬਿਨ੍ਹਾਂ ਬਾਕੀ ਸਾਰੀਆਂ ਕੈਟਾਗਰੀਆਂ ਨਾਲ ਸਬੰਧਤ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵੈਰੀਫਿਕੇਸ਼ਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਕੱਲ੍ਹ ਤੋਂ ਹੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦੇਣਗੀਆਂ। ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਦੀ ਕਮੇਟੀ ਵਿੱਚ ਪਿੰਡ ਨਾਲ ਸਬੰਧਤ ਨਿਰੀਖਕ ਖੁਰਾਕ ਤੇ ਸਪਲਾਈ ਵਿਭਾਗ, ਪਿੰਡ ਨਾਲ ਸਬੰਧਤ ਮਾਲ ਪਟਵਾਰੀ, ਪਿੰਡ ਨਾਲ ਸਬੰਧਤ ਜੇ.ਈ. ਪਾਵਰਕਾਮ, ਪਿੰਡ ਨਾਲ ਸਬੰਧਤ ਆਂਗਣਵਾੜੀ ਵਰਕਰ ਅਤੇ ਪਿੰਡ ਨਾਲ ਸਬੰਧਤ ਪੰਚਾਇਤ ਸੈਕਟਰੀ ਸ਼ਾਮਿਲ ਕੀਤੇ ਗਏ ਹਨ।

ਸ਼ਹਿਰੀ ਖੇਤਰਾਂ ਲਈ ਡੀਪੂ ਪੱਧਰ ਦੀਆਂ ਕਮੇਟੀਆਂ ਗਠਤ ਕੀਤੀਆਂ ਗਈਆਂ ਹਨ ਜਿਸ ਵਿੱਚ ਵਾਰਡ ਨਾਲ ਸਬੰਧਤ ਨਿਰੀਖਕ ਖੁਰਾਕ ਤੇ ਸਪਲਾਈ ਵਿਭਾਗ, ਵਾਰਡ ਨਾਲ ਸਬੰਧਤ ਪਟਵਾਰੀ ਮਾਲ ਵਿਭਾਗ, ਵਾਰਡ ਨਾਲ ਸਬੰਧਤ ਜੇ.ਈ. ਪਾਵਰਕਾਮ, ਵਾਰਡ ਨਾਲ ਸਬੰਧਤ ਆਂਗਣਵਾੜੀ ਵਰਕਰ ਅਤੇ ਵਾਰਡ ਨਾਲ ਸਬੰਧਤ ਸੈਕਟਰੀ ਕਾਰਪੋਰੇਸ਼ਨ (ਦਫ਼ਤਰ ਈ.ਓ) ਸ਼ਾਮਲ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਲਸਟਰ ਕੁਆਰਡੀਨੇਟਰ-ਕਮ-ਕਰਾਸ ਵੈਰੀਫਿਕੇਸ਼ਨ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਬੀ.ਡੀ.ਪੀ.ਓਜ਼, ਸੀ.ਡੀ.ਪੀ.ਓਜ਼. ਏ.ਡੀ.ਓਜ਼ ਖੇਤੀਬਾੜੀ ਵਿਭਾਗ ਅਤੇ ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀ ਲਗਾਏ ਗਏ ਹਨ।

ਇਸ ਤੋਂ ਬਾਅਦ ਤਹਿਸੀਲ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਐੱਸ.ਡੀ.ਐੱਮ. ਚੇਅਰਪਰਸਨ ਹੋਣਗੇ ਅਤੇ ਤਹਿਸੀਲਦਾਰ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਅਤੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ, ਬੀ.ਡੀ.ਪੀ.ਓ ਅਤੇ ਸੀ.ਡੀ.ਪੀ.ਓ ਮੈਂਬਰ ਹੋਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਰੀਫਿਕੇਸ਼ਨ ਕਮੇਟੀਆਂ ਪੂਰੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਵੈਰੀਫਿਕੇਸ਼ਨ ਕਰਨਗੀਆਂ ਅਤੇ ਹਰ ਲਾਭਪਾਤਰੀ ਕੋਲੋਂ ਸਵੈ-ਘੋਸ਼ਣਾ ਪੱਤਰ ਭਰਵਾਇਆ ਜਾਵੇਗਾ। ਪੜਤਾਲੀਆ ਕਮੇਟੀ ਮੈਂਬਰ ਪੜਤਾਲ ਉਪਰੰਤ ਸਾਰੇ ਯੋਗ ਅਤੇ ਅਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਸਾਂਝੀਆਂ ਥਾਵਾਂ ’ਤੇ ਲਗਾਉਣਗੇ। ਉਨ੍ਹਾਂ ਕਿਹਾ ਕਿ ਵੈਰੀਫਿਕੇਸ਼ਨ ਉਪਰੰਤ ਜੋ ਵੀ ਅਯੋਗ ਕਾਰਡ ਪਾਏ ਗਏ ਉਨ੍ਹਾਂ ਨੂੰ ਕੱਟਿਆ ਜਾਵੇਗਾ। ਇਸਦੀ ਇੱਕ ਕਾਪੀ ਵਾਰਡ/ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦਿੱਤੀ ਜਾਵੇਗੀ, ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਵੈੱਬਸਾਈਟ ’ਤੇ ਵੀ ਅਪਲੋਡ ਕੀਤੀ ਜਾਵੇਗੀ। ਡੀਪੂ ਹੋਲਡਰ/ਆਂਗਣਵਾੜੀ ਵਰਕਰ ਜਿਨ੍ਹਾਂ ਪਰਿਵਾਰਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਸੂਚਿਤ ਕਰਨਗੇ ਤਾਂ ਜੋ ਉਹ ਜੇਕਰ ਕੋਈ ਇਤਰਾਜ਼ ਹੋਵੇ ਤਾਂ ਦਰਜ ਕਰਵਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਰੀਫਿਕੇਸ਼ਨ ਦੀ ਇਹ ਸਾਰੀ ਪ੍ਰੀਕ੍ਰਿਆ 26 ਸਤੰਬਰ 2022 ਤੱਕ ਮੁਕੰਮਲ ਕਰ ਲਈ ਜਾਵੇਗੀ।

ਕਿੰਨਾਂ ਪਰਿਵਾਰਾਂ ਨੂੰ ਮਿਲੇਗਾ ਸਮਾਰਟ ਰਾਸ਼ਨ ਕਾਰਡ ਦਾ ਲਾਭ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਦਾ ਲਾਭ ਕੇਵਲ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜਿਸ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਾ ਹੋਵੇ,   ਪਰਿਵਾਰ ਦੀ 25 ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋ ਵੱਧ ਬਰਾਨੀ ਜਮੀਨ ਅਤੇ ਸੇਮ ਨਾਲ ਸਬੰਧਤ ਇਲਾਕੇ ਵਿਚ 5 ਏਕੜ ਤੋ ਵੱਧ ਜਮੀਨ ਨਾ ਹੋਵੇ,  ਪਰਿਵਾਰ ਦਾ ਕੋਈ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋ ਸਲਾਨਾ ਆਮਦਨ 60,000/- ਰੁਪਏ ਤੋਂ ਜਿਆਦਾ ਨਾ ਹੋਵੇ,  ਪਰਿਵਾਰ ਕੋਲ ਸ਼ਹਿਰੀ ਖੇਤਰ ਵਿਚ 100 ਗਜ ਤੋਂ ਵੱਧ ਰਿਹਾਇਸੀ ਮਕਾਨ/750 ਵਰਗ ਫੁੱਟ ਤੋਂ ਵੱਧ ਦਾ ਫਲ਼ੈਟ ਨਾ ਹੋਵੇ,  ਪਰਿਵਾਰ ਦੇ ਸਾਰੇ ਮੈਂਬਰ ਅਧਾਰ ਨੰਬਰ, ਮੋਬਾਇਲ ਨੰਬਰ ਅਤੇ ਅਕਾਂਊਂਟ ਨੰਬਰ ਆਪਣੀ ਪਹਿਚਾਣ ਅਤੇ ਤਸਦੀਕ ਲਈ ਵਰਤਣ ਦੀ ਸਹਿਮਤੀ ਦਿੰਦੇ ਹੋਣ,  ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈੱਟ ਐਕਟ-2005/ ਜੀ.ਐਸ.ਟੀ ਅਧੀਨ ਰਸਿਜਟਰਡ ਵਿਅਕਤੀ / ਸਰਵਿਸ ਟੈਕਸ ਦਾਤਾ / ਪ੍ਰਫੈਸ਼ਨਲ ਟੈਕਸ ਦਾਤਾ ਨਾ ਹੋਵੇ।

ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਦੇ ਘਰ ਚਾਰ ਪਹੀਆ ਵਾਹਨ, ਏ.ਸੀ, ਇਨਕਮ ਟੈਕਸ ਭਰਨ ਵਾਲੇ, ਕੋਈ ਪਰਿਵਾਰ ਵਿਦੇਸ਼ ਗਿਆ ਹੈ ਉਨ੍ਹਾਂ ਦੇ ਰਾਸ਼ਨ ਕਾਰਡ ਵੀ ਕੱਟੇ ਜਾਣਗੇ।

Written By
The Punjab Wire