ਗੁਰਦਾਸਪੁਰ, 12 ਸਤੰਬਰ (ਮੰਨਣ ਸੈਣੀ)। ਬਟਾਲਾ ਨੇੜਲੇ ਪਿੰਡ ਭਗਵਾਨਪੁਰ ਵਿੱਚ ਉਸ ਵੇਲੇ ਅਫ਼ਰਾ ਤਫਰੀ ਮੱਚ ਗਈ ਜਦੋਂ ਸਵੇਰੇ 7 ਵਜੇ ਦੇ ਕਰੀਬ ਨੈਸ਼ਨਲ ਇੰਵੈਸਟਿਗੇਸ਼ਨ ਟੀਮ( ਐਨਆਈਏ) ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਦੇ ਨਾਲ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਛਾਪਾ ਮਾਰਿਆ। ਟੀਮ ਨੇ ਗੈਂਗਸਟਰ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ। ਇਸ ਕਾਰਵਾਈ ਦੌਰਾਨ ਪੁਲੀਸ ਲਾਈਨ ਬਟਾਲਾ ਅਤੇ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਲਾਜ਼ਮ ਮੌਜੂਦ ਸਨ। ਟੀਮ ਦੀ ਇਸ ਕਾਰਵਾਈ ਕਾਰਨ ਪਿੰਡ ਵਿੱਚ ਸੰਨਾਟਾ ਛਾ ਗਿਆ। ਹਾਲਾਂਕਿ ਟੀਮ ਨੇ ਕਾਰਵਾਈ ਤੋਂ ਬਾਅਦ ਵੀ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ।
ਬਾਅਦ ਵਿੱਚ ਗੈਂਗਸਟਰ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਘਰ ਵਿੱਚ ਇਕੱਲੀ ਸੀ। ਅਚਾਨਕ ਟੀਮ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਉਸਦੇ ਘਰ ਅਤੇ ਆਸਪਾਸ ਦੇ ਘਰਾਂ ਨੂੰ ਘੇਰ ਲਿਆ। ਟੀਮ ਨੇ ਉਸ ਦੇ ਘਰ ਦੀ ਤਲਾਸ਼ੀ ਲਈ। ਟੀਮ ਨੇ ਉਸ ਦੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ। ਅਲਮਾਰੀਆਂ ਅਤੇ ਬਿਸਤਰਿਆਂ ਵਿੱਚ ਪਿਆ ਸਾਮਾਨ ਬਾਹਰ ਸੁੱਟ ਦਿੱਤਾ। ਟੀਮ ਆਪਣੇ ਨਾਲ ਉਸ ਦੀ ਵਿਧਵਾ ਪੈਨਸ਼ਨ ਦੀ ਕਾਪੀ, ਉਸ ਦੇ ਪੁੱਤਰ ਦੀ ਬੇਟੀ ਦੇ ਜਨਮ ਦਿਨ ਦੀ ਫੋਟੋ, ਪੈੱਨ ਡਰਾਈਵ, ਉਸ ਦਾ ਵੋਟਰ ਕਾਰਡ, ਕੱਪੜੇ ਆਦਿ ਲੈ ਗਈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਕਰੀਬ ਅੱਠ ਸਾਲਾਂ ਤੋਂ ਜੇਲ੍ਹ ਵਿੱਚ ਹੈ। ਉਸ ਦੇ ਲੜਕੇ ਨੂੰ ਢਾਈ ਮਹੀਨਿਆਂ ਤੋਂ ਵੱਖ-ਵੱਖ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ ਅਤੇ ਉਸ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।