Close

Recent Posts

ਹੋਰ ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ ਵਿਦੇਸ਼

ਸਿੱਧੂ ਮੂਸੇਵਾਲਾ ਕਤਲ ਕਾਂਡ: ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਮੁੱਖ ਸ਼ੂਟਰ ਦੀਪਕ ਮੁੰਡੀ ਆਪਣੇ ਦੋ ਸਾਥੀਆਂ ਸਣੇ ਗ੍ਰਿਫਤਾਰ: ਡੀਜੀਪੀ ਗੌਰਵ ਯਾਦਵ

ਸਿੱਧੂ ਮੂਸੇਵਾਲਾ ਕਤਲ ਕਾਂਡ: ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਮੁੱਖ ਸ਼ੂਟਰ ਦੀਪਕ ਮੁੰਡੀ ਆਪਣੇ ਦੋ ਸਾਥੀਆਂ ਸਣੇ ਗ੍ਰਿਫਤਾਰ: ਡੀਜੀਪੀ ਗੌਰਵ ਯਾਦਵ
  • PublishedSeptember 11, 2022

ਗੈਂਗ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਗੱਲ ਵੀ ਕਬੂਲੀ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਅਪਰਾਧ ਮੁਕਤ ਨਹੀਂ ਹੋ ਜਾਂਦਾ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 11 ਸਤੰਬਰ ( ਦਾ ਪੰਜਾਬ ਵਾਇਰ)। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਛੇਵੇਂ ਅਤੇ ਆਖਰੀ ਸ਼ੂਟਰ ਦੀਪਕ ਮੁੰਡੀ ਅਤੇ ਉਸਦੇ ਦੋ ਉਸਦੇ ਸਾਥੀਆਂ, ਜੋ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਪੱਛਮੀ ਬੰਗਾਲ ਦੇ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਹੈ ਜਿਸ ਨਾਲ ਇਸ ਸਾਰੀ ਸਾਜ਼ਿਸ਼ ਤੋਂ ਪਰਦਾ ਉੱਠਣ ਦੇ ਨਾਲ ਨਾਲ ਇਨ੍ਹਾਂ ਗੈਂਗਸਟਰਾਂ ਦੇ ਸਬੰਧਾਂ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਇਹ ਆਪਰੇਸ਼ਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਕੀਤਾ ।

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਕਾਤਲ ਦੀਪਕ ਮੁੰਡੀ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ, ਜਿਸਦੀ  29 ਮਈ ਨੂੰ ਗੈਂਗਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ, ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ਦੇ ਖਰੀਬਾੜੀ ਪੁਲਿਸ ਸਟੇਸ਼ਨ ਦੇ ਖੇਤਰ ਵਿਚ ਭਾਰਤ-ਨੇਪਾਲ ਚੌਕੀ ਨੇੜੇ ਸ਼ਨੀਵਾਰ ਨੂੰ ਦੀਪਕ ਮੁੰਡੀ ਦੇ ਨਾਲ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਕਪਿਲ ਪੰਡਿਤ ਅਤੇ ਰਾਜਿੰਦਰ ਉਰਫ ਜੋਕਰ ਵਜੋਂ ਹੋਈ ਹੈ। ਏਆਈਜੀ ਗੁਰਮੀਤ ਚੌਹਾਨ ਅਤੇ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀ ਟੀਮ ਸ਼ਨੀਵਾਰ ਦੇਰ ਰਾਤ ਮੁੰਡੀ ਅਤੇ ਉਸਦੇ ਦੋ ਸਾਥੀਆਂ ਨੂੰ ਹਵਾਈ ਰਸਤੇ ਰਾਹੀਂ ਪੰਜਾਬ ਲੈ ਕੇ ਆਈ।

ਇਨ੍ਹਾਂ ਤਿੰਨ ਗ੍ਰਿਫ਼ਤਾਰੀਆਂ ਨਾਲ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 23 ਹੋ ਗਈ ਹੈ ਜਦਕਿ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਇੱਕ ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਨਾਮੀ ਦੋ ਸ਼ੂਟਰਾਂ ਨੂੰ ਮਾਰ ਮੁਕਾਇਆ ਸੀ । ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਹੋਰ ਸ਼ੂਟਰਾਂ ਦੀ ਪਛਾਣ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ, ਜਿਨ੍ਹਾਂ ਨਾਲ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਵੀ ਮੌਜੂਦ ਸਨ, ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਿਸ਼ਕਰਤਾ) ਦੇ ਨਿਰਦੇਸ਼ਾਂ ‘ਤੇ ਲਗਾਤਾਰ ਆਪਣੇ ਟਿਕਾਣੇ ਬਦਲ ਰਹੇ ਸਨ। 

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਮੁੰਡੀ ਅਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਰੁਕੇ ਅਤੇ ਕਿਹਾ ਕਿ  ਜੋਕਰ, ਜੋ ਪਹਿਲਾਂ ਹੀ ਨੇਪਾਲ ਵਿੱਚ ਸੀ, ਪੱਛਮੀ ਬੰਗਾਲ ਵਿੱਚ ਸੁਰੱਖਿਅਤ ਦਾਖਲ ਹੋਣ ਲਈ ਮੁੰਡੀ ਅਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਨੇਪਾਲ ਵਿੱਚ ਸੁਰੱਖਿਅਤ ਥਾਂ ‘ਤੇ ਲਿਜਾਣ ਲਈ ਆਇਆ ਸੀ।

ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਅਤੇ ਕਪਿਲ ਨੂੰ ਫਰਜ਼ੀ ਪਾਸਪੋਰਟਾਂ ‘ਤੇ ਦੁਬਈ ‘ਚ ਸੈਟਲ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਕਤ ਦੋਵਾਂ ਨੂੰ ਨੇਪਾਲ ਜਾਂ ਥਾਈਲੈਂਡ ਵਿੱਚ ਆਪਣੇ ਜਾਅਲੀ ਪਾਸਪੋਰਟ ਮਿਲਣੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਦੁਬਈ ਲਈ ਚਲੇ ਜਾਣਾ ਸੀ।

ਕਪਿਲ ਪੰਡਿਤ ਨੇ ਸਲਮਾਨ ਖਾਨ ਨੂੰ ਵੀ ਮਾਰਨ ਦੀ ਰਚੀ ਸੀ ਸਾਜ਼ਿਸ਼ 

ਕਪਿਲ ਪੰਡਿਤ, ਜੋ  ਰਾਜਸਥਾਨ ਦੇ ਜ਼ਿਲ੍ਹਾ ਚੁਰੂ ਵਿਚ ਉਸ ਦੇ ਜੱਦੀ ਪਿੰਡ ਬੇਵੜ ਦੇ ਇਕ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ‘ਚ ਬੰਦ ਸੀ, ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਸਾਲ 2021 ਵਿਚ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਫਰਾਰ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉਦੋਂ ਹੀ ਉਸ ਨਾਲ ਲਾਰੈਂਸ ਬਿਸ਼ਨੋਈ ਗੈਂਗ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਲਮਾਨ ਖਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ।

ਕਪਿਲ ਨੇ ਖੁਲਾਸਾ ਕੀਤਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ਼ਾਰੇ ‘ਤੇ ਪਹਿਲਾਂ ਵੀ ਉਸਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਵਿਦੇਸ਼ਾਂ ਨੂੰ ਫਰਾਰ ਹੋਏ ਗੈਂਗਸਟਰਾਂ ਨੂੰ ਫੜਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਗੈਂਗਸਟਰ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦੀ ਹੀ ਉਸਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 24 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਜੰਗ ਦੀਆਂ ਪ੍ਰਾਪਤੀਆਂ ਵਿੱਚ ਇਹ ਇੱਕ ਹੋਰ ਵਾਧਾ ਹੋਇਆ ਹੈ।

ਦੱਸਣਯੋਗ ਹੈ ਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਐਤਵਾਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

ਡੱਬੀ: ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਹੁਣ ਤੱਕ ਦੀ ਰਿਪੋਰਟ

ਕੁਲ ਦੋਸ਼ੀ = 35

ਗ੍ਰਿਫਤਾਰ = 23

ਮਾਰੇ ਗਏ = 2

ਵਿਦੇਸ਼ ਰਹਿੰਦੇ= 4

ਬਕਾਇਆ ਗ੍ਰਿਫਤਾਰੀਆਂ/ਭਗੌੜੇ/ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ = 6

Written By
The Punjab Wire