ਹੋਰ ਪੰਜਾਬ ਰਾਜਨੀਤੀ

ਪ੍ਰਨੀਤ ਕੌਰ ਨੇ ‘ਆਪ’ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਦੀ ਕੀਤੀ ਨਿਖੇਧੀ

ਪ੍ਰਨੀਤ ਕੌਰ ਨੇ ‘ਆਪ’ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਦੀ ਕੀਤੀ ਨਿਖੇਧੀ
  • PublishedSeptember 9, 2022

ਵਿਰੋਧੀ ਧਿਰ ‘ਚ ਹੋਣ ਕਾਰਨ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਅਤੇ ਉਸ ਦੀ ਦੁਕਾਨ ਨੂੰ ਢਾਹੁਣਾ  ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਅਤੇ ਨਿੰਦਣਯੋਗ ਹੈ – ਪਟਿਆਲਾ ਐਮ.ਪੀ.

ਪਟਿਆਲਾ, 9 ਸਤੰਬਰ (ਦਾ ਪੰਜਾਬ ਵਾਇਰ)। ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੀ ਦੁਕਾਨ ’ਤੇ ਕੀਤੀ ਗਈ ਚੋਣਵੀਂ ਅਤੇ ਰਾਜਨੀਤੀ ਪ੍ਰੇਰਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ।

ਇਸ ਕਾਰਵਾਈ ਦੀ ਨਿੰਦਾ ਕਰਦਿਆਂ ਪ੍ਰਨੀਤ ਕੌਰ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, ”ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਮੈਂ ਇਸ ਦੀ ਸਖ਼ਤ ਨਿਖੇਧੀ ਕਰਦੀ ਹਾਂ। ਮਾਲ ਰਿਕਾਰਡ ਅਨੁਸਾਰ ਉਕਤ ਵਿਵਾਦਿਤ ਡੇਰੇ ਦੀ ਜ਼ਮੀਨ ‘ਤੇ 156 ਦੇ ਕਰੀਬ ਜਾਇਦਾਦਾਂ ਹਨ ਅਤੇ ਸਿਰਫ਼ ਆਪਣੇ ਨਵੇਂ ਮਾਲਕਾਂ ਨੂੰ ਖੁਸ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਪੂਰੇ ਸ਼ਹਿਰ ‘ਚ ਸਿਰਫ਼ ਇਕ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਜੇ ਪ੍ਰਸ਼ਾਸਨ ਨੇ ਨਿਰਪੱਖ ਕਾਰਵਾਈ ਕਰਨੀ ਸੀ ਤਾਂ ਇਹ ਸਿਰਫ਼ ਸਾਡੇ ਕੌਂਸਲਰ ਨੂੰ ਕੱਢਣ ਦੀ ਬਜਾਏ ਸਾਰੀਆਂ 156 ਜਾਇਦਾਦਾਂ ‘ਤੇ ਕੀਤੀ ਜਾਣੀ ਚਾਹੀਦੀ ਸੀ।”

ਪ੍ਰਨੀਤ ਕੌਰ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ, “ਜਿਸ ਕਾਹਲੀ ਵਿੱਚ ਇਹ ਸਭ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਬੀਤੀ ਰਾਤ ਇੱਕ ਆਰਡਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਦੁਕਾਨ ਦੇ ਮਾਲਕ ਨੂੰ ਆਪਣਾ ਪੱਖ ਦੱਸਣ ਜਾਂ ਅਦਾਲਤ ਦਾ ਰਸਤਾ ਅਪਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਵਾਰ-ਵਾਰ ਬੇਨਤੀ ਕਰਨ ‘ਤੇ ਵੀ ਮਾਲਕ ਨੂੰ ਦੁਕਾਨ ਤੋਂ ਆਪਣਾ ਸਮਾਨ ਨਹੀਂ ਕੱਢਣ ਦਿੱਤਾ ਗਿਆ ਅਤੇ ਸਾਰਾ ਕੁਝ ਕੂੜੇ ਵਾਂਗ ਸੜਕਾਂ ‘ਤੇ ਸੁੱਟ ਦਿੱਤਾ ਗਿਆ।”

ਉਨ੍ਹਾਂ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕਰਦਿਆਂ ਕਿਹਾ, ‘ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਦੇਖਣ ਕਿਉਂਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦੇ ਨਹੀਂ ਸਗੋਂ ਹਰੇਕ ਵਿਅਕਤੀ ਦੇ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਇਸ ਬਦਲਾਖੋਰੀ ਦੀ ਕਾਰਵਾਈ ਤੋਂ ਬਚਣ ਲਈ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਹਿਦਾਇਤ ਕਰਨ ਦੀ ਅਪੀਲ ਕਰਦੀ ਹਾਂ।”
.

Written By
The Punjab Wire