ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਆਮ ਆਦਮੀ ਨੂੰ ਦਿੱਤੀਆਂ ਜਾਣਗੀਆਂ ਮਿਆਰੀ ਸਿਹਤ ਸੇਵਾਵਾਂ – ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 8 ਸਤੰਬਰ ( ਮੰਨਣ ਸੈਣੀ ) । ਸ੍ਰੀ ਰਮਨ ਬਹਿਲ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ ਗੁਰਦਾਸਪੁਰ ਆਉਣ ’ਤੇ ਹਲਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਤਿੱਬੜ ਤੋਂ ਗੁਰਦਾਸਪੁਰ ਸ਼ਹਿਰ ਦੇ ਪੀ.ਡਬਲਿਊ.ਡੀ. ਰੈਸਟ ਹਾਊਸ ਤੱਕ ਸਾਰੇ ਰਸਤੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਸਵਗਤ ਵਿੱਚ ਖੜ੍ਹੇ ਸਨ ਅਤੇ ਉਨ੍ਹਾਂ ਨੇ ਡੋਲ ਦੀ ਥਾਪ ’ਤੇ ਭੰਗੜੇ ਪਾ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਮਾਣ-ਸਤਿਕਾਰ ਅਤੇ ਪਿਆਰ ਉਨ੍ਹਾਂ ਨੇ ਦਿੱਤਾ ਹੈ ਉਸ ਲਈ ਉਹ ਹਮੇਸ਼ਾਂ ਉਨ੍ਹਾਂ ਦੇ ਕਰਜ਼ਦਾਰ ਰਹਿਣਗੇ। ਸ੍ਰੀ ਬਹਿਲ ਨੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ, ਸ੍ਰੀ ਸੰਦੀਪ ਪਾਠਕ ਅਤੇ ਸਮੁੱਚੀ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉੱਪਰ ਪਾਰਟੀ ਹਾਈਕਾਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜੋ ਭਰੋਸਾ ਪ੍ਰਗਟ ਕੀਤਾ ਹੈ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰ੍ਹਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਸਥਾਨਕ ਪੀ.ਡਬਲਿਊ.ਡੀ. ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਬਤੌਰ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆ ਕੇ ਆਮ ਆਦਮੀ ਨੂੰ ਮਿਆਰੀ ਤੇ ਸਸਤੀਆਂ ਸਿਹਤ ਸੇਵਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਮੁਹੱਲਾ ਕਲੀਨਿਕਾਂ ਦਾ ਵਿਸਥਾਰ ਕੀਤੇ ਜਾਵੇਗਾ ਅਤੇ ਇਸਦੇ ਨਾਲ ਹੀ ਹਸਪਤਾਲਾਂ, ਕਮਿਊਨਿਟੀ ਸਿਹਤ ਕੇਂਦਰਾਂ, ਡਿਸਪੈਂਸਰੀਆਂ ਦੇ ਬੁਨਿਆਦੀ ਤੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰ ਲਿਆਂਦਾ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਖਰੀਦ ਨੂੰ ਪੂਰੀ ਤਰਾਂ ਪਾਰਦਰਸ਼ੀ ਬਣਾਇਆ ਜਾਵੇਗਾ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਏ ਸਾਰੇ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣ। ਇੱਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਨਾਲ ਹੀ ਏਥੇ ਗਾਇਨੀ ਦੇ ਸਪੈਸ਼ਲਿਸਟ ਡਾਕਟਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਸੁਧਾਰ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ, ਆਪ ਦੇ ਸੀਨੀਅਰ ਆਗੂ ਭਾਰਤ ਭੂਸ਼ਨ, ਬ੍ਰਿਜੇਸ਼ ਚੋਪੜਾ, ਨਰਿੰਦਰ ਭਾਸਕਰ, ਹਿਤਪਾਲ ਸਿੰਘ, ਸਰਬਜੀਤ ਕੌਰ, ਗੁਰਿੰਦਰ ਸਿੰਘ ਭੁੱਲਰ, ਰਾਜੇਸ਼ ਤਿੱਬੜ, ਚਿੰਟੂ ਬਾਜਵਾ, ਟੀਨੂ ਥਾਨੇਵਾਲੀਆ, ਮਦਨ ਤਿੱਬੜ, ਗੁਰਦਿਆਲ ਤਿੱਬੜ, ਡਾ. ਹਰੀ ਤਿੱਬੜ, ਗੁਰਨਾਮ ਸਿੰਘ ਮੁਸਤਫਾਬਾਦ ਜੱਟਾਂ, ਮੱਖਣ ਸਿੰਘ ਬੱਬੇਹਾਲੀ, ਸੁੱਚਾ ਸਿੰਘ ਬੱਬੇਹਾਲੀ, ਰਣਜੀਤ ਸਿੰਘ ਰਾਣਾ, ਲਾਡੀ ਜੀਵਨਵਾਲ, ਓਂਕਾਰ ਸਿੰਘ ਨਾਗੀ, ਤੇਜਵੀਰ ਸਿੰਘ ਆਲੇਚੱਲ, ਰਵੀ. ਅਸ਼ੋਕ ਕੁਮਾਰ, ਰਵੀ ਸਬਜ਼ੀ ਮੰਡੀ ਪ੍ਰਧਾਨ, ਮੰਨਾਮ ਮਾਸਟਰ ਸ਼ਸ਼ੀ, ਰਿਸ਼ੀ ਕਾਂਤ, ਰਘਵੀਰ ਸਿੰਘ ਕਾਲੜਾ, ਬਲਵਿੰਦਰ ਸਿੰਘ ਬਾਬੋਵਾਲ ਸਮੇਤ ਵੱਡੀ ਗਿਣਤੀ ਵਿੱਚ ਹੋਰ ਮੋਹਤਬਰ ਵੀ ਹਾਜ਼ਰ ਸਨ।