Close

Recent Posts

ਆਰਥਿਕਤਾ ਸਿਹਤ ਗੁਰਦਾਸਪੁਰ ਪੰਜਾਬ

ਮਲੇਰਕੋਟਲਾ, ਫਰੀਦਕੋਟ ਅਤੇ ਜਲੰਧਰ ਨੇ ਕੌਮੀ ਪੱਧਰ ‘ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਮਲੇਰਕੋਟਲਾ, ਫਰੀਦਕੋਟ ਅਤੇ ਜਲੰਧਰ ਨੇ ਕੌਮੀ ਪੱਧਰ ‘ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ
  • PublishedSeptember 7, 2022

ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਕਰਵਾਈ ਮੁਹੱਈਆ 

– ਜਿੰਪਾ ਨੇ ਕੌਮੀ ਪੱਧਰ ‘ਤੇ ਪੰਜਾਬ ਨੂੰ ਮਾਣ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਦਿੱਤੀ ਵਧਾਈ 

ਚੰਡੀਗੜ੍ਹ, 7 ਸਤੰਬਰ (ਦਾ ਪੰਜਾਬ ਵਾਇਰ)। ਮਲੇਰਕੋਟਲਾ, ਫਰੀਦਕੋਟ ਅਤੇ ਜਲੰਧਰ ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿਚ ਦੇਸ਼ ਦੇ ਸਿਖਰਲੇ ਸੂਬਿਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ, ਵਾਸੀਆਂ ਅਤੇ ਲੋਕ ਨੁਮਾਇੰਦਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ ਜਿਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿਚ ਯੋਗਦਾਨ ਪਾਇਆ ਹੈ।ਪੰਜਾਬ ਦੀ ਇਸ ਪ੍ਰਾਪਤੀ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਟਵੀਟ ਰਾਹੀਂ ਵਧਾਈ ਦਿੱਤੀ ਹੈ। 

ਜਿੰਪਾ ਨੇ ਦੱਸਿਆ ਕਿ ਪਾਈਪਾਂ ਰਾਹੀਂ 100 ਫੀਸਦੀ ਪੇਂਡੂ ਵਸੋਂ ਨੂੰ ਘਰਾਂ ਵਿਚ ਸਾਫ ਪਾਣੀ ਪਹੁੰਚਾਉਣ ਵਾਲੇ ਦੇਸ਼ ਭਰ ਵਿਚੋਂ 9 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ ਅਤੇ ਮਲੇਰਕੋਟਲਾ, ਫਰੀਦਕੋਟ ਤੇ ਜਲੰਧਰ ਨੇ ਇਨ੍ਹਾਂ 9 ਜ਼ਿਲ੍ਹਿਆਂ ਦੀ ਸੂਚੀ ਵਿਚ ਆਪਣੀ ਜਗ੍ਹਾਂ ਬਣਾਈ ਹੈ। 

ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲੇ ਦੇ 2 ਲੱਖ 23 ਹਜ਼ਾਰ 400 ਪੇਂਡੂ ਘਰਾਂ ਦੀ 11 ਲੱਖ 12 ਹਜ਼ਾਰ ਵਸੋਂ ਨੂੰ ਪਾਈਪਾਂ ਰਾਹੀਂ ਟੂਟੀ ਜ਼ਰੀਏ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਜਦਕਿ ਮਲੇਰਕੋਟਲਾ ਦੇ 49 ਹਜ਼ਾਰ 881 ਪੇਂਡੂ ਘਰਾਂ ਦੀ 2 ਲੱਖ 58 ਹਜ਼ਾਰ ਵਸੋਂ ਨੂੰ ਅਤੇ ਫਰੀਦਕੋਟ ਦੇ 78 ਹਜ਼ਾਰ 408 ਘਰਾਂ ਦੀ 4 ਲੱਖ 9 ਹਜ਼ਾਰ ਪੇਂਡੂ ਆਬਾਦੀ ਲਈ ਸਾਫ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਜਿਸ ਸਦਕਾ ਇਨ੍ਹਾਂ ਜ਼ਿਲ੍ਹਿਆਂ ਨੂੰ ਕੌਮੀ ਪੱਧਰ ‘ਤੇ ਪਛਾਣ ਹਾਸਲ ਹੋਈ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ‘ਜਲ ਜੀਵਨ ਮਿਸ਼ਨ’ ਤਹਿਤ ਅਸੀਂ ਸੂਬੇ ਦੇ 34.24 ਲੱਖ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਚੁੱਕੇ ਹਾਂ ਅਤੇ 11 ਹਜ਼ਾਰ 933 ਪਿੰਡਾਂ ਅਤੇ 20 ਜ਼ਿਲ੍ਹਿਆਂ ਨੂੰ 100 ਫੀਸਦੀ ਜਲ ਸਪਲਾਈ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ। 

ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦਸੰਬਰ 2022 ਤੱਕ ਪੰਜਾਬ ਵਿਚ 100 ਫੀਸਦੀ ਜਲ ਸਪਲਾਈ ਦਾ ਟੀਚਾ ਮਿੱਥਿਆ ਹੈ ਜਦਕਿ ਕੌਮੀ ਟੀਚਾ 2024 ਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿਵੇਂ ਆਂਗਨਵਾੜੀ ਕੇਂਦਰਾਂ, ਪੰਚਾਇਤਾਂ, ਡਿਸਪੈਂਸਰੀਆਂ, ਸਕੂਲਾਂ ਆਦਿ ਨੂੰ ਵੀ ਪਾਈਪ ਰਾਹੀਂ ਪਾਣੀ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ। 

Written By
The Punjab Wire