Close

Recent Posts

ਹੋਰ ਗੁਰਦਾਸਪੁਰ ਪੰਜਾਬ

ਪਿੰਡ ਭੁੰਬਲੀ ਦੀ ਛਿੰਝ ਅਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਪਿੰਡ ਭੁੰਬਲੀ ਦੀ ਛਿੰਝ ਅਤੇ ਸੱਭਿਆਚਾਰਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
  • PublishedSeptember 3, 2022

ਕੈਬਨਿਟ ਮੰਤਰੀ ਕਟਾਰੂਚੱਕ, ਚੇਅਰਮੈਨ ਰਮਨ ਬਹਿਲ, ਜ਼ਿਲ੍ਹਾ ਇੰਚਾਰਜ ਜਗਰੂਪ ਸੇਖਵਾਂ ਅਤੇ ਸ਼ਮਸ਼ੇਰ ਸਿੰਘ ਨੇ ਛਿੰਝ ਮੇਲੇ ਵਿੱਚ ਹਾਜ਼ਰੀ ਭਰੀ

ਛਿੰਝ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ

ਗੁਰਦਾਸਪੁਰ, 3 ਸਤੰਬਰ ( ਮੰਨਣ ਸੈਣੀ)। ਧੰਨ-ਧੰਨ ਬਾਬਾ ਚੱਠਾ ਸਾਹਿਬ ਜੀ ਦੀ ਯਾਦ ਵਿੱਚ ਪਿੰਡ ਭੁੰਬਲੀ ਵਿਖੇ ਲੱਗਾ ਸੱਭਿਆਚਾਰਕ ਅਤੇ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸ਼ਾਮ ਸਮਾਪਤ ਹੋ ਗਿਆ। ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਇਸ ਛਿੰਝ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਮਾਲ ਹੋਏ ਜਦਕਿ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸ. ਜਗਰੂਪ ਸਿੰਘ ਸੇਖਵਾਂ ਅਤੇ ਹਲਕਾ ਦੀਨਾਨਗਰ ਤੋਂ ਆਪ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਛਿੰਝ ਮੇਲੇ ਵਿੱਚ ਭਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਅਤੇ ਜੇਤੂ ਭਲਵਾਨਾਂ ਨੂੰ ਇਨਾਮ ਦੇਣ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿੰਡਾਂ ਵਿੱਚ ਛਿੰਝਾਂ ਪੈਣਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਰਿਵਾਇਤ ਨੂੰ ਜਾਰੀ ਰੱਖਣਾ ਸਾਡਾ ਫਰਜ ਹੈ। ਇਸ ਰਿਵਾਇਤ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਪਿੰਡ ਭੁੰਬਲੀ ਦੇ ਵਸਨੀਕਾਂ ਨੂੰ ਵਧਾਈ ਦਿੱਤੀ। ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਪਿੰਡ ਭੁੰਬਲੀ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜੋ ਵੀ ਮੁਸ਼ਕਲਾਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਖੇਡਾਂ ਤੰਦਰੁਸਤ ਤੇ ਖੁਸ਼ਹਾਲ ਜੀਵਨ ਦਾ ਅਧਾਰ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਭੁੰਬਲੀ ਦੇ ਛਿੰਝ ਮੇਲੇ ਵਿੱਚ ਭਲਵਾਨਾਂ ਦੀਆਂ ਕੁਸ਼ਤੀਆਂ ਅਤੇ ਮਾਂ ਖੇਡ ਕਬੱਡੀ ਨੂੰ ਦੇਖਣ ਲਈ ਇਲਾਕੇ ਦੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ ਹੈ ਅਤੇ ਇਸ ਸਫਲ ਛਿੰਝ ਮੇਲੇ ਲਈ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ।

ਇਸ ਮੌਕੇ ਜ਼ਿਲ੍ਹਾ ਇੰਚਾਰਜ ਸ. ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਯਤਨ ਕਰ ਰਹੀ ਹੈ ਅਤੇ ਅਵਾਮ ਦੇ ਸਾਥ ਨਾਲ ਇਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸੇ ਦੌਰਾਨ ਆਪ ਆਗੂ ਸ਼ਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕਟਾਰੂਚੱਕ, ਚੇਅਰਮੈਨ ਰਮਨ ਬਹਿਲ, ਜ਼ਿਲ੍ਹਾ ਇੰਚਾਰਜ ਜਗਰੂਪ ਸੇਖਵਾਂ ਅਤੇ ਸ਼ਮਸ਼ੇਰ ਸਿੰਘ ਨੇ ਛਿੰਝ ਮੇਲੇ ਦੌਰਾਨ ਲੱਗੇ ਸੱਭਿਆਚਾਰਕ ਮੇਲੇ ਵਿੱਚ ਵੀ ਹਾਜ਼ਰੀ ਭਰੀ। ਛਿੰਝ ਮੇਲੇ ਵਿੱਚ ਨਾਮੀ ਭਲਵਾਨਾਂ ਦੀ ਕੁਸ਼ਤੀਆਂ ਕਰਵਾਈਆਂ ਗਈਆਂ ਅਤੇ ਨਾਲ ਹੀ ਕਬੱਡੀ ਦੇ ਮੈਚ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਮੁੱਖ ਮਹਿਮਾਨ ਵੱਲੋਂ ਜੇਤੂ ਭਲਵਾਨਾਂ ਤੇ ਕਬੱਡੀ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਤਾਪ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਬਾਊ, ਸਵਿੰਦਰ ਸਿੰਘ ਸਮੇਤ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ।

Written By
The Punjab Wire