ਸਲਾਟਰ ਹਾਊਸ ਵੀ ਬੰਦ ਰਹਿਣਗੇ ਅਤੇ ਮੀਟ/ਆਂਡੇ ਦੀ ਵਿਕਰੀ ਆਦਿ ’ਤੇ ਰਹੇਗੀ ਪੂਰਨ ਪਾਬੰਦੀ
ਗੁਰਦਾਸਪੁਰ ਬਟਾਲਾ , 2 ਸਤੰਬਰ (ਮੰਨਣ ਸੈਣੀ )। ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਆਈ.ਏ.ਐੱਸ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਆਬਕਾਰੀ ਕਮਿਸ਼ਨਰ ਪੰਜਾਬ ਪਟਿਆਲਾ ਦੇ ਪੱਤਰ ਨੰਬਰ ਅ-ਆਈ-2022/1348, ਮਿਤੀ 02 ਸਤੰਬਰ 2022 ਰਾਹੀਂ ਪ੍ਰਾਪਤ ਹੋਈ ਪ੍ਰਵਾਨਗੀ ਅਨੁਸਾਰ ਮਿਤੀ 03 ਸਤੰਬਰ 2022 ਨੂੰ ਬਟਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ ਵਿਆਹ ਪੁਰਬ ਮੌਕੇ ਬਟਾਲਾ ਨਗਰ ਨਿਗਮ ਦੀ ਹਦੂਦ ਅੰਦਰ ਧਾਰਮਿਕ ਪ੍ਰੋਗਰਾਮ ਦੌਰਾਨ ਪੰਜਾਬ ਲਿਕੁਰ ਲਾਇਸੰਸ ਰੂਲਜ਼, 1956 ਦੇ ਨਿਯਮ 37 (9) ਅਧੀਨ ਡਰਾਈ ਡੇਅ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਦਿੱਤਾ ਹੈ ਕਿ ਬਟਾਲਾ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਦੇਸੀ, ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਕੋਈ ਵੀ ਵਿਅਕਤੀ ਇਸਦੀ ਵਿਕਰੀ ਅਤੇ ਸਟੋਰੇਜ ਨਹੀਂ ਕਰੇਗਾ। ਇਸ ਤੋਂ ਇਲਾਵਾ ਬਟਾਲਾ ਸ਼ਹਿਰ ਅੰਦਰ ਸਲਾਟਰ ਹਾਊਸ ਵੀ ਬੰਦ ਰਹਿਣਗੇ ਅਤੇ ਮੀਟ/ਆਂਡੇ ਦੀਆਂ ਦੁਕਾਨਾਂ, ਰੇਹੜੀਆਂ ਆਦਿ ’ਤੇ ਮੀਟ/ਆਂਡੇ ਦੀ ਵਿਕਰੀ ਆਦਿ ’ਤੇ ਪੂਰਨ ਪਾਬੰਦੀ ਰਹੇਗੀ। ਮਾਮਲੇ ਦੀ ਗੰਭਰਿਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਇੱਕਤਰਫਾ ਪਾਸ ਕੀਤਾ ਜਾਂਦਾ ਹੈ।