Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਨੂੰ ਵਿਕਸਤ ਕੀਤਾ ਜਾਵੇਗਾ

ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਨੂੰ ਵਿਕਸਤ ਕੀਤਾ ਜਾਵੇਗਾ
  • PublishedAugust 29, 2022

ਕੈਬਨਿਟ ਮੰਤਰੀ ਕਟਾਰੂਚੱਕ ਨੇ ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਦੀ ਮੁਰੰਮਤ ਤੇ ਪਾਰਕ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ

ਕੈਬਨਿਟ ਮੰਤਰੀ ਕਟਾਰੂਚੱਕ, ਆਪ ਆਗੂ ਸ਼ਮਸ਼ੇਰ ਸਿੰਘ ਅਤੇ ਰਮਨ ਬਹਿਲ ਨੇ ਕੇਸ਼ੋਪੁਰ ਛੰਬ ਦਾ ਦੌਰਾ ਕੀਤਾ

ਗੁਰਦਾਸਪੁਰ, 29 ਅਗਸਤ ( ਮੰਨਣ ਸੈਣੀ ) । ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਛੀਆਂ ਦੀ ਕੁਦਰਤੀ ਠਾਹਰ ਕੇਸ਼ੋਪੁਰ ਛੰਬ ਨੂੰ ਵਿਕਸਤ ਕਰਕੇ ਪੰਛੀਆਂ ਲਈ ਸੁਰੱਖਿਅਤ ਤੇ ਕੁਦਰਤੀ ਵਾਤਾਵਰਨ ਪੈਦਾ ਕੀਤਾ ਜਾਵੇਗਾ ਤਾਂ ਜੋ ਸਦੀਆਂ ਤੋਂ ਪਰਵਾਸ ਕਰਦੇ ਆ ਰਹੇ ਪੰਛੀ ਇਥੇ ਆਪਣੇ ਆਪ ਨੂੰ ਪੂਰੀ ਤਰਾਂ ਸੁਰੱਖਿਅਤ ਮਹਿਸੂਸ ਕਰਨ। ਇਹ ਪ੍ਰਗਟਾਵਾ ਸੂਬੇ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਕੇਸ਼ੋਪੁਰ ਛੰਬ ਦਾ ਦੌਰਾ ਕਰਨ ਮੌਕੇ ਸਥਾਨਕ ਲੋਕਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਦੀਨਾਨਗਰ ਦੇ ਇੰਚਾਰਜ ਸ੍ਰੀ ਸ਼ਮਸ਼ੇਰ ਸਿੰਘ, ਗੁਰਦਾਸਪੁਰ ਹਲਕੇ ਦੇ ਇੰਚਾਰਜ ਅਤੇ ਸਾਬਕਾ ਚੇਅਰਮੈਨ ਐੱਸ.ਐੱਸ.ਬੋਰਡ ਸ੍ਰੀ ਰਮਨ ਬਹਿਲ ਅਤੇ ਪ੍ਰਧਾਨ ਮੁੱਖ ਵਣਪਾਲ, ਜੰਗਲੀ ਜੀਵ ਕਮ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਸ੍ਰੀ ਪ੍ਰਵੀਨ ਕੁਮਾਰ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਦੇ ਵਿਕਾਸ ਲਈ 21 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਜਿਸ ਵਿੱਚੋਂ 10 ਲੱਖ ਰੁਪਏ ਵਿਆਖਿਆ ਕੇਂਦਰ ਦੀ ਮੁਰੰਮਤ ਉੱਪਰ ਖਰਚ ਕੀਤੇ ਜਾਣਗੇ ਜਦਕਿ 11 ਲੱਖ ਰੁਪਏ ਦੀ ਲਾਗਤ ਨਾਲ ਇਥੇ ਇੱਕ ਖੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿੱਚ ਬੱਚਿਆਂ ਲਈ ਝੂਲੇ ਅਤੇ ਵੱਡੇ ਵਿਅਕਤੀਆਂ ਲਈ ਓਪਨ ਜਿੰਮ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੇਸ਼ੋਪੁਰ ਛੰਬ ਨੂੰ ਹੋਰ ਵਿਕਸਤ ਕਰਕੇ ਪੰਛੀ ਪ੍ਰੇਮੀਆਂ ਲਈ 2 ਈ-ਰਿਕਸ਼ੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਬਿਨ੍ਹਾਂ ਸ਼ੋਰ-ਸ਼ਰਾਬੇ ਦੇ ਇਥੇ ਆਉਣ ਵਾਲੇ ਵਿਅਕਤੀ ਪੰਛੀਆਂ ਨੂੰ ਨੇੜੇ ਤੋਂ ਜਾ ਕੇ ਨਿਹਾਰ ਸਕਣ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਵਿਖੇ ਇੱਕ ਸ਼ਾਨਦਾਰ ਰੈਸਟ ਹਾਊਸ ਦਾ ਨਿਰਮਾਣ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੇਸ਼ੋਪੁਰ ਛੰਬ ਅਤੇ ਕਥਲੌਰ ਰਜ਼ਰਵ ਸੈਂਚੂਰੀ ਦਾ ਦੌਰਾ ਕੀਤਾ ਹੈ ਅਤੇ ਇਨ੍ਹਾਂ ਕੁਦਰਤੀ ਥਾਵਾਂ ਨੂੰ ਪੰਛੀਆਂ ਅਤੇ ਜਾਨਵਰਾਂ ਲਈ ਕਿਵੇਂ ਹੋਰ ਵਿਕਸਤ ਕੀਤਾ ਜਾ ਸਕਦਾ ਹੈ ਇਸਦਾ ਜਾਇਜਾ ਲਿਆ ਹੈ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਜਲਦੀ ਹੀ ਇਨ੍ਹਾਂ ਕੁਦਰਤੀ ਥਾਵਾਂ ਨੂੰ ਵਿਕਸਤ ਕਰਨ ਦਾ ਖਾਕਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੋਕੀ ਭੱਜ-ਦੌੜ ਦੀ ਜ਼ਿੰਦਗੀ ਤੋਂ ਹੰਭਿਆ ਵਿਅਕਤੀ ਸਕੂਨ ਦੀ ਤਲਾਸ਼ ਵਿੱਚ ਕੁਦਰਤ ਦੇ ਨੇੜੇ ਜਾਣਾ ਲੋਚਦਾ ਹੈ ਅਤੇ ਗੁਰਦਾਸਪੁਰ ਦਾ ਇਹ ਇਲਾਕਾ ਕੁਦਰਤੀ ਨਿਆਮਤਾਂ ਨਾਲ ਭਰਿਆ ਪਿਆ ਹੈ ਜਿਸਨੂੰ ਹੋਰ ਵਿਕਸਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ, ਸ਼ਮਸ਼ੇਰ ਸਿੰਘ ਅਤੇ ਰਮਨ ਬਹਿਲ ਵੱਲੋਂ ਵਿਆਖਿਆ ਕੇਂਦਰ ਵਿੱਚ ਪੌਦੇ ਵੀ ਲਗਾਏ ਗਏ।    

ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਦੀਨਾਨਗਰ ਦੇ ਇੰਚਾਰਜ ਸ੍ਰੀ ਸ਼ਮਸ਼ੇਰ ਸਿੰਘ ਨੇ ਕੇਸ਼ੋਪੁਰ ਛੰਬ ਦੀ ਸਾਰ ਲੈਣ ਲਈ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੀਲ ਦਾ ਫਾਸਲਾ ਤਹਿ ਕਰਕੇ ਹਰ ਸਾਲ ਸਰਦੀਆਂ ਵਿੱਚ ਇਥੇ ਪਰਵਾਸੀ ਪੰਛੀ ਪਹੁੰਚਦੇ ਹਨ ਅਤੇ ਇਹ ਸਾਡਾ ਫਰਜ ਬਣਦਾ ਹੈ ਕਿ ਇਨ੍ਹਾਂ ਪਰਵਾਸੀ ਪੰਛੀਆਂ ਨੂੰ ਅਸੀਂ ਸੁਰੱਖਿਅਤ ਅਤੇ ਕੁਦਰਤ ਪੱਖੀ ਮਹੌਲ ਮੁਹੱਈਆ ਕਰਵਾਈਏ।

ਇਸ ਮੌਕੇ ਸੀਨੀਅਰ ਆਗੂ ਸ੍ਰੀ ਰਮਨ ਬਹਿਲ ਨੇ ਵੀ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਡੇ ਬੱਚਿਆਂ ਨੂੰ ਕੁਦਰਤ ਦੇ ਹੋਰ ਨੇੜੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਬ ਵਿਕਸਤ ਹੋਣ ਨਾਲ ਦੂਰ-ਦੂਰ ਤੋਂ ਸੈਲਾਨੀ ਇਥੇ ਆਉਣਗੇ ਜਿਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

Written By
The Punjab Wire