ਗੁਰਦਾਸਪੁਰ ਪੁਲਿਸ ਗੈਂਗਸਟਰ ਸੁਖਪ੍ਰੀਤ ਸੁੱਖ ਦੇ ਡਿਲੀਵਰੀ ਮੈਨ, ਅਜੈ ਮਸੀਹ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਕੀਤੀ ਗਈ ਪੁੱਛ ਪੜਤਾਲ
ਇਸ ਮਾਮਲੇ ਵਿੱਚ ਸੁਖਪ੍ਰੀਤ ਸਿੰਘ ਸੁੱਖ ਤੋਂ ਪਹਿਲ੍ਹਾਂ ਹੀ ਹੋ ਚੁੱਕੀ ਹੈ ਪੁੱਛਗਿੱਛ
ਗੁਰਦਾਸਪੁਰ, 26 ਅਗਸਤ (ਮੰਨਣ ਸੈਣੀ)। 2 ਦਸੰਬਰ 2021 ਨੂੰ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮਪੁਰ ਅਰਾਈਆਂ ‘ਚ ਤਲਾਸ਼ੀ ਦੌਰਾਨ ਲਾਵਾਰਿਸ ਮਿਲਿਆ ਟਿਫਿਨ ਬੰਬ ਅਤੇ ਗ੍ਰਨੇਡ ਦੇ ਰਾਜ਼ ‘ਤੋਂ ਪਰਦਾ ਉਠ ਸਕਦਾ ਹੈ। ਜਿਸ ਲਈ ਗੁਰਦਾਸਪੁਰ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਹਾਲੇ ਤੱਕ ਇਹ ਮਾਮਲਾ ਜਾਂਚ ਅਧੀਨ ਹੈ ਕਿ ਉਹ ਟਿਫਿਨ ਬੰਬ ਅਤੇ ਗ੍ਰੇਨੇਡ ਉੱਥੇ ਲੈ ਕੇ ਕੌਣ ਆਇਆ। ਇਸ ਸੰਬੰਧੀ ਸਿੱਧੇ ਤਾਰ ਗੈਂਗਸਟਰ ਸੁਖਪ੍ਰੀਤ ਸਿੰਘ ਸੁੱਖ ਵਾਸੀ ਖਰਲ ਨਾਲ ਜੁੜੇ ਸਨ, ਜੋਂ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਸਿੱਖ ਯੂਧ ਫੈਡਰੇਸ਼ਨ ਦੇ ਮੁੱਖੀ ਲਖਬੀਰ ਸਿੰਘ ਰੋਡੇ ਰਾਰੀ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦਾ ਸੀ।
ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਪਹਿਲ੍ਹਾਂ ਗੈਂਗਸਟਰ ਸੁਖਪ੍ਰੀਤ ਸਿੰਘ ਸੁੱਖ ਤੋਂ ਪੁੱਛਗਿੱਛ ਕਰਕੇ ਹੋਰ ਸੁਰਾਗ ਹਾਸਲ ਕਰਨ ਲਈ ਉਸ ਦੇ ਡਿਲਿਵਰੀ ਮੈਨ ਅਜੇ ਮਸੀਹ ਵਾਸੀ ਧਾਰੀਵਾਲ ਖਿਚੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪਟਿਆਲਾ ਤੋਂ ਗੁਰਦਾਸਪੁਰ ਲਿਆਂਦਾ ਗਿਆ ਸੀ। ਅਜੈ ਮਸੀਹ ਗੈਂਗਸਟਰ ਸੁਖਪ੍ਰੀਤ ਸਿੰਘ ਸੁੱਖ ਦਾ ਡਿਲਿਵਰੀ ਮੈਨ ਹੈ, ਜੋ ਪਹਿਲਾਂ ਹੀ ਅਸਲਾ ਐਕਟ ਦੇ ਇੱਕ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸੀ।
ਗੌਰਤਲਬ ਹੈ ਕਿ ਸੁਖਪ੍ਰੀਤ ਸਿੰਘ ਸੁੱਖ ਪਾਕਿਸਤਾਨ ਤੋਂ ਕਰੀਬ ਚਾਰ ਕਿਲੇ ਆਰ.ਡੀ.ਐਕਸ, ਗ੍ਰੇਨੇਡ ਲਾਂਚਰ, ਗ੍ਰੇਨੇਡ ਆਦਿ ਮੰਗਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਦੀਨਾਨਗਰ ‘ਚ ਗ੍ਰਿਫਤਾਰ ਹੈ। ਇਸ ਦੇ ਨਾਲ ਹੀ ਉਸ ‘ਤੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦੀ ਮਿਲੀਭੁਗਤ ਨਾਲ ਪਾਕਿਸਤਾਨ ਤੋਂ ਹਥਿਆਰ ਲੈਣ ਦਾ ਵੀ ਦੋਸ਼ ਹੈ। ਥਾਣਾ ਸਦਰ ਪੁਲੀਸ ਨੇ ਪਹਿਲਾਂ ਸੁਖਪ੍ਰੀਤ ਸਿੰਘ ਉਰਫ਼ ਸੁੱਖ ਨੂੰ 2 ਮਾਰਚ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਉਸ ਦੇ ਡਲਿਵਰੀ ਮੈਨ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਥਾਣਾ ਸਦਰ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ।
ਇਸ ਸਬੰਧੀ ਐਸਐਸਪੀ ਦੀਪਕ ਹਿਲੌਰੀ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਮਸੀਹ ਖ਼ਿਲਾਫ਼ ਪਹਿਲਾਂ ਵੀ ਐਸ.ਐਸ.ਓ.ਸੀ ਮੁਹਾਲੀ ਥਾਣੇ ਵਿੱਚ ਕੇਸ ਦਰਜ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਪਾਸੋਂ ਜਾਣਕਾਰੀ ਇਕੱਠੀ ਕਰ ਲਈ ਗਈ ਹੈ ਅਤੇ ਜਲਦ ਹੀ ਇਸ ਸਬੰਧੀ ਕਈ ਹੋਰ ਸੁਰਾਗ ਲੱਗੇ ਹਨ ਅਤੇ ਪੁਲਿਸ ਕੜੀ ਨਾਲ ਕੜੀ ਜੋੜ ਰਹੀ ਹੈ।