ਗੁਰਦਾਸਪੁਰ ਪੰਜਾਬ

ਜ਼ਿਲ੍ਹਾ ਵਾਸੀਆਂ ਦਾ ਡਿਪਟੀ ਕਮਿਸ਼ਨਰ ਨਾਲ ਰਾਬਤਾ ਹੋਇਆ ਹੋਰ ਅਸਾਨ

ਜ਼ਿਲ੍ਹਾ ਵਾਸੀਆਂ ਦਾ ਡਿਪਟੀ ਕਮਿਸ਼ਨਰ ਨਾਲ ਰਾਬਤਾ ਹੋਇਆ ਹੋਰ ਅਸਾਨ
  • PublishedAugust 22, 2022

ਲੋਕ ਆਪਣੇ ਘਰ ਬੈਠੇ ਹੀ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਹਨ

ਗੁਰਦਾਸਪੁਰ, 22 ਅਗਸਤ ( ਮੰਨਣ ਸੈਣੀ ) । ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਮ ਜਨਤਾ ਨਾਲ ਸਿੱਧਾ ਤੇ ਸੁਖਾਲਾ ਰਾਬਤਾ ਕਾਇਮ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਰੋਜ਼ਾਨਾਂ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਜ਼ਿਲ੍ਹਾ ਵਾਸੀਆਂ ਨਾਲ ਵੈਬਐਕਸ ਐਪ ’ਤੇ ਆਨ-ਲਾਈਨ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਜ਼ਿਲ੍ਹਾ ਵਾਸੀ ਆਪਣੇ ਘਰ ਤੋਂ ਹੀ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਰਕੇ ਆਪਣੀਆਂ ਨਿੱਜੀ ਅਤੇ ਸਮੂਹਿਕ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਹਨ। ਇਸ ਆਨ-ਲਾਈਨ ਮਾਧਿਅਮ ਰਾਹੀਂ ਰਾਬਤਾ ਕਰਨ ਕਰਕੇ ਲੋਕਾਂ ਦੇ ਸਮੇਂ ਤੇ ਪੈਸੇ ਦੀ ਬਚਤ ਵੀ ਹੋ ਰਹੀ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਆਨ ਲਾਈਨ ਮੀਟਿੰਗ ਵਿੱਚ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਨੂੰ ਸੁਣਿਆ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚੋਂ ਲੋਕ ਇਸ ਆਨ-ਲਾਈਨ ਮੀਟਿੰਗ ਵਿੱਚ ਸ਼ਾਮਿਲ ਹੋਏ। ਜਿਆਦਾਤਾਰ ਲੋਕਾਂ ਦੀ ਮੁਸ਼ਕਲਾਂ ਆਪਣੇ ਗਲੀਆਂ ਦੀ ਮੁਰੰਮਤ, ਸਫ਼ਾਈ ਪ੍ਰਬੰਧਾਂ ਬਾਰੇ ਸੀ ਜਿਸਨੂੰ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਇਸ ਆਨ-ਲਾਈਨ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਵਿੱਚ ਵੈਬਕਸ ਐਪ ਡਾਊਨਲੋਡ ਕਰਕੇ ਅਤੇ ਇਸ ਲਿੰਕ  https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰਿਆ ਜਾਵੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਤਹਿਸੀਲਦਾਰ ਦਫ਼ਤਰਾਂ, ਨਗਰ ਕੌਂਸਲ ਦਫ਼ਤਰਾਂ, ਨਗਰ ਨਿਗਮ ਦਫ਼ਤਰ ਬਟਾਲਾ ਅਤੇ ਸਮੂਹ ਬੀ.ਡੀ.ਪੀ.ਓਜ਼ ਦਫ਼ਤਰਾਂ ਵਿੱਚ ਵੀ ਆਨ-ਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹਾ ਵਾਸੀ ਇਨ੍ਹਾਂ ਦਫ਼ਤਰਾਂ ਵਿੱਚੋਂ ਵੀ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਦਰਮਿਆਨ ਆਨ-ਲਾਈਨ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਤੋਂ ਇਲਾਵਾ ਜ਼ਿਲ੍ਹਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਲ ਭੇਜ ਸਕਦੇ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਡੀ.ਸੀ. ਦਫ਼ਤਰ ਦੀ ਸ਼ਿਕਾਇਤ ਸ਼ਾਖਾ ਵੱਲੋਂ ਹਰ ਸ਼ਿਕਾਇਤ ਨੂੰ ਸਬੰਧਤ ਵਿਭਾਗ ਕੋਲ ਭੇਜ ਕੇ ਉਸਦੀ ਪੈਰਵੀ ਕੀਤੀ ਜਾਂਦੀ ਹੈ ਅਤੇ ਸ਼ਿਕਾਇਤ ਉਪਰ ਹੋਈ ਕਾਰਵਾਈ ਬਾਰੇ ਸ਼ਿਕਾਇਤ ਕਰਤਾ ਨੂੰ ਵੀ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੁਸ਼ਕਲ ਜਾਂ ਸ਼ਿਕਾਇਤ ਦੱਸਣ ਲਈ ਗੁਰਦਾਸਪੁਰ ਆਉਣ ਦੀ ਬਜਾਏ ਆਪਣੇ ਘਰ ਤੋਂ ਹੀ ਹਰ ਕੰਮ-ਕਾਜੀ ਦਿਨ ਦੌਰਾਨ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਆਨ-ਲਾਈਨ ਰਾਬਤਾ ਕਰ ਸਕਦੇ ਹਨ।

Written By
The Punjab Wire