ਜ਼ੀਰਕਪੁਰ ‘ਚ ਸੈਵਨ ਇਲੈਵਨ ਇਮੀਗ੍ਰੇਸ਼ਨ ਸਰਵਿਸ ਦੇ ਨਾਂ ‘ਤੇ ਚਲਦਾ ਸੀ ਇਮੀਗ੍ਰੇਸ਼ਨ ਦਫ਼ਤਰ
ਗੁਰਦਾਸਪੁਰ ਦੇ ਦੋ ਨੌਜਵਾਨਾਂ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਮੰਗੇ ਸਨ ਕਰੀਬ 16 ਲੱਖ ਰੁਪਏ
ਗੁਰਦਾਸਪੁਰ, 18 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਸਿਟੀ ਪੁਲਿਸ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਆਪਣੇ ਜਾਲ ‘ਚ ਫਸਾ ਕੇ ਠੱਗੀ ਮਾਰਨ ਵਾਲੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਅਬੋਹਰ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਜ਼ੀਰਕਪੁਰ ਵਿੱਚ ਸੈਵਨ ਇਲੈਵਨ ਇਮੀਗ੍ਰੇਸ਼ਨ ਸਰਵਿਸ ਦੇ ਨਾਂ ’ਤੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਮੁਲਜ਼ਮ ਦੀ ਪਛਾਣ ਚੰਦਨ ਜਸੂਜਾ ਵਜੋਂ ਹੋਈ ਹੈ।
ਦੋਸ਼ੀ ਖਿਲਾਫ਼ ਦੋ ਵੱਖ-ਵੱਖ ਸ਼ਿਕਾਇਤਾਂ ਮੋਹਿਤ ਪੁੱਤਰ ਰਜਿੰਦਰ ਕੁਮਾਰ ਵਾਸੀ ਬਾਪੂ ਪਰਮਾਨੰਦ ਨਗਰ ਗੁਰਦਾਸਪੁਰ ਅਤੇ ਵਿਕਰਮ ਚੰਗੋਤਰਾ ਵਾਸੀ ਸ਼ਿਵ ਸ਼ਕਤੀ ਨਗਰ ਗੀਤਾ ਭਵਨ ਰੋਡ ਨੇ ਥਾਣਾ ਸਿਟੀ ਵਿਖੇ ਦਰਜ ਕਰਵਾਈਆਂ ਸਨ | ਜਿਸ ਵਿੱਚ ਉਪਰੋਕਤ ਦੋਵੇਂ ਸ਼ਿਕਾਇਤਕਰਤਾਵਾਂ ਨੇ ਦੱਸਿਆ ਸੀ ਕਿ ਦੋਸ਼ੀ ਚੰਦਨ ਜਸੂਜਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕੈਨੇਡਾ ਵਰਕ ਪਰਮਿਟ ‘ਤੇ ਭੇਜ ਸਕਦਾ ਹੈ ਅਤੇ ਉਨ੍ਹਾਂ ਪਾਸੋਂ 8-8 ਲੱਖ ਰੁਪਏ ਦੀ ਮੰਗ ਕੀਤੀ ਸੀ। ਉਪਰੋਕਤ ਦੋਵਾਂ ਤੋਂ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀਜ਼ਾ, ਇੰਸ਼ੋਰੈਂਸ, ਸਪਾਂਸਰ ਲੈਟਰ, ਐੱਲ.ਐੱਮ.ਏ. ਲੈਟਰ ਦਿੱਤਾ ਜੋ ਜਾਅਲੀ ਨਿਕਲਿਆ। ਇਸ ਸਬੰਧੀ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ 30 ਮਈ 2022 ਨੂੰ ਉਕਤ ਮੁਲਜ਼ਮਾਂ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ।
ਜਿਸਦੇ ਚਲਦੇ ਥਾਣਾ ਸਿਟੀ ਪੁਲਿਸ ਦੇ ਤਫਤੀਸ਼ੀ ਅਫਸਰ ਏ.ਐਸ.ਆਈ ਅਮਰੀਕ ਸਿੰਘ ਦੀ ਅਗਵਾਈ ‘ਚ ਉਕਤ ਦੋਸ਼ੀ ਨੂੰ ਦੇਰ ਰਾਤ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।