ਗੁਰਦਾਸਪੁਰ, 16 ਅਗਸਤ (ਮੰਨਣ ਸੈਣੀ)। ਹਿਮਾਚਲ ਪ੍ਰਦੇਸ਼ ਦੇ ਪਵਿੱਤਰ ਮਨੀਮਾਹੇਸ਼ ਦੇ ਦਰਸ਼ਨਾਂ ਲਈ ਗਏ ਗੁਰਦਾਸਪੁਰ ਦੇ ਇੱਕ ਸ਼ਰਧਾਲੂ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਘਟਨਾ ਬੀਤੇ ਦਿਨੀਂ ਵਾਪਰੀ ਸੀ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ (54) ਪੁੱਤਰ ਬਲਦੇਵ ਰਾਜ ਵਾਸੀ ਗੁਰਦਾਸਪੁਰ (ਪੰਜਾਬ) ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਸਬਜ਼ੀਆਂ ਵੇਚਦਾ ਸੀ। ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਉਹ ਆਪਣੇ ਬੇਟੇ ਸ਼ੁਭਮ ਨਾਲ ਘਰ ਤੋਂ ਮਨੀਮਹੇਸ਼ ਯਾਤਰਾ ਲਈ ਰਵਾਨਾ ਹੋਏ ਸਨ।
ਐਤਵਾਰ ਨੂੰ ਜਿਵੇਂ ਹੀ ਉਹ ਗੌਰੀਕੁੰਡ ਦੇ ਨੇੜੇ ਪਹੁੰਚਿਆ ਤਾਂ ਉਸਦੀ ਸਿਹਤ ਵਿਗੜ ਗਈ ਅਤੇ ਉਸਨੂੰ ਅਚਾਨਕ ਆਕਸੀਜਨ ਦੀ ਕਮੀ ਮਹਿਸੂਸ ਹੋਣ ਲੱਗੀ। ਇਸ ਦੌਰਾਨ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਪਹਿਲਾਂ ਅਸ਼ਵਨੀ ਕੁਮਾਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਬਾਅਦ ‘ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਮੌਰ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਵੀ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਐਸਡੀਐਮ ਭਰਮੌਰ ਅਸੀਮ ਸੂਦ ਦਾ ਕਹਿਣਾ ਹੈ ਕਿ ਗੌਰੀਕੁੰਡ ਵਿੱਚ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ।