ਨਗਰ ਸੁਧਾਰ ਟਰੱਸਟ ਤੋਂ ਕਿਸਾਨਾਂ ਨੂੰ ਵੰਡੇ ਸਾਢੇ ਸੱਤ ਕਰੋੜ ਮੁਆਵਜ਼ੇ ਦੇ ਚੈੱਕ
ਪਿਛਲੇ ਦਸ ਸਾਲ ਦੋਵਾਂ ਸਰਕਾਰਾਂ ਸਰਕਾਰਾਂ ਅਤੇ ਗੁਰਦਾਸਪੁਰ ਦੇ ਨੁਮਾਇੰਦਿਆਂ ਨੇ ਪੀਡ਼ਤ ਕਿਸਾਨਾਂ ਦੀ ਨਹੀਂ ਲਈ ਸਾਰ-ਬਹਿਲ
ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ)। ਗੁਰਦਾਸਪੁਰ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਨਾਲ ਸਬੰਧਤ ਕਿਸਾਨਾਂ ਦੇ ਬਕਾਇਆ ਮੁਆਵਜ਼ੇ ਦਾ ਰੇੜਕਾ ਅੱਜ ਖਤਮ ਹੋ ਗਿਆ ਹੈ ਜਿਸ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਪਹੁੰਚ ਕੇ ਕਿਸਾਨਾਂ ਨੂੰ ਬਕਾਇਆ ਮੁਆਵਜ਼ੇ ਦੇ ਕਰੀਬ ਸਾਢੇ ਸੱਤ ਕਰੋੜ ਰੁਪਏ ਦੇ ਚੈੱਕ ਵੰਡੇ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੱਖਣ ਸਿੰਘ ਕੁਹਾੜ, ਬਲਬੀਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮੁਸਤਫਾਬਾਦ, ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਮੇਜਰ ਸਿੰਘ ਰੋੜਾਂਵਾਲੀ, ਅਜੀਤ ਸਿੰਘ ਹੁੰਦਲ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 84.77 ਏਕੜ ਰਕਬੇ ਵਿਚ ਕਾਲੋਨੀ ਬਣਾਉਣ ਲਈ ਨਗਰ ਸੁਧਾਰ ਟਰੱਸਟ ਨੇ ਜਦੋਂ ਜ਼ਮੀਨ ਅਕਵਾਇਰ ਕੀਤੀ ਸੀ ਤਾਂ ਕਿਸਾਨਾਂ ਨੂੰ ਸਿਰਫ 12-12 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਸ਼ੀ ਦਿੱਤੀ ਗਈ ਸੀ ਜਿਸ ਦੇ ਬਾਅਦ ਕਿਸਾਨਾਂ ਨੇ ਅਦਾਲਤ ਵਿੱਚ ਪਹੁੰਚ ਕਰ ਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਸੀ ਅਤੇ ਅਦਾਲਤ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਦਲੀਲ਼ਾ ਨੂੰ ਸਮਝਦੇ ਹੋਏ ਬਾਰਾਂ ਬਾਰਾਂ ਲੱਖ ਰੁਪਏ ਦੇ ਹਿਸਾਬ ਨਾਲ ਹੋਰ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਸੀ। ਪਰ ਬੇਹੱਦ ਦੁੱਖ ਦੀ ਗੱਲ ਹੈ ਕਿ ਅਦਾਲਤ ਦੇ ਹੁਕਮਾਂ ਦੇ ਬਾਅਦ ਵੀ ਨਗਰ ਸੁਧਾਰ ਟਰੱਸਟ ਵੱਲੋਂ ਕਿਸਾਨਾਂ ਨੂੰ ਇਹ ਅਦਾਇਗੀਆਂ ਨਹੀਂ ਕੀਤੀਆਂ ਗਈਆਂ ਅਤੇ ਪਿਛਲੀਆਂ ਦੋ ਸਰਕਾਰਾਂ ਨੇ ਕਿਸਾਨਾਂ ਨੂੰ ਰੱਜ ਕੇ ਖੱਜਲ ਖੁਆਰ ਅਤੇ ਨਜ਼ਰਅੰਦਾਜ਼ ਕੀਤਾ ਸੀ। ਇਸ ਕਾਰਨ ਕਿਸਾਨਾਂ ਨੇ 2 ਜਨਵਰੀ ਨੂੰ ਨਗਰ ਸੁਧਾਰ ਟਰੱਸਟ ਦੇ ਸਾਹਮਣੇ ਧਰਨਾ ਸ਼ੁਰੂ ਕੀਤਾ ਸੀ ਅਤੇ ਫਿਰ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਇਹ ਧਰਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਤਬਦੀਲ ਕਰ ਦਿੱਤਾ ਸੀ। ਇਸ ਦੌਰਾਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਨੇ ਕੋਸ਼ਿਸ਼ ਕਰਕੇ ਕਿਸਾਨਾਂ ਨੂੰ ਇੱਕ ਕਰੋਡ਼ ਰੁਪਏ ਦੀਆਂ ਅਦਾਇਗੀਆਂ ਕਰਵਾਈਆਂ ਸਨ। ਬਾਕੀ ਦੇ ਕਰੀਬ ਸਾਢੇ ਸੱਤ ਕਰੋੜ ਰੁਪਏ ਦੇਣ ਸਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ ਸੀ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਚਲੀਆਂ ਗਈਆਂ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਨਹੀਂ ਮਿਲਿਆ ਜਿਸ ਕਰਕੇ ਇਨ੍ਹਾਂ ਕਿਸਾਨਾਂ ਦੀ ਹਾਲਤ ਬੇਹੱਦ ਬਦਤਰ ਸੀ। ਪਰ ਰਮਨ ਬਹਿਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਯਤਨ ਕਰਕੇ ਕਿਸਾਨਾਂ ਦੀਆਂ ਅਦਾਇਗੀਆਂ ਕਰਵਾ ਦਿੱਤੀਆਂ ਹਨ ਜਿਸ ਕਰਕੇ ਕਿਸਾਨ ਆਗੂ ਅਤੇ ਸਬੰਧਤ ਪੀਡ਼ਤ ਪਰਿਵਾਰ ਰਮਨ ਬਹਿਲ ਅਤੇ ਸਾਰੇ ਸਹਿਯੋਗੀਆਂ ਦੇ ਧੰਨਵਾਦੀ ਰਹਿਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ। ਪਰ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਦੱਸ ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਅਤੇ ਗੁਰਦਾਸਪੁਰ ਦੇ ਨੁਮਾਇੰਦਿਆਂ ਨੇ ਇਨ੍ਹਾਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਸ ਨੇ ਦੋਸ਼ ਲਗਾਇਆ ਕਿ ਦੁੱਖ ਦੀ ਗੱਲ ਹੈ ਕਿ ਨਗਰ ਸੁਧਾਰ ਟਰੱਸਟ ਦੀਆਂ ਜ਼ਮੀਨਾਂ ਵੇਚ ਕੇ ਜਿਹੜੀ ਆਮਦਨ ਟਰੱਸਟ ਨੂੰ ਹੋਣੀ ਸੀ ਉਹ ਵੀ ਸਿਆਸੀ ਲੋਕਾਂ ਦੀ ਜੇਬਾਂ ਵਿੱਚ ਚਲੀ ਗਈ ਕਿਉਂਕਿ ਟਰੱਸਟ ਇਸ ਜਾਇਦਾਦਾਂ ਦੀ ਨਿਲਾਮੀ ਸਹੀ ਢੰਗ ਨਾਲ ਨਹੀਂ ਹੋਈ।ਬਹਿਲ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਕਰੀਬ ਸਾਢੇ ਸੱਤ ਕਰੋੜ ਰੁਪਏ ਦੀ ਅਦਾਇਗੀ ਬਕਾਇਆ ਸੀ। ਪਰ ਟਰੱਸਟ ਕੋਲ ਇੰਨੀ ਵੱਡੀ ਰਕਮ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਮਾਮਲਾ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਅਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੁਧਿਆਣਾ ਦੀ ਨਗਰ ਸੁਧਾਰ ਟਰੱਸਟ ਤੋਂ ਸਾਢੇ ਤਿੰਨ ਕਰੋੜ ਰੁਪਏ ਗੁਰਦਾਸਪੁਰ ਦੀ ਟਰੱਸਟ ਨੇ ਦਿਵਾਏ ਹਨ ਤਾਂ ਜੋ ਇਨ੍ਹਾਂ ਕਿਸਾਨਾਂ ਦੀ ਅਦਾਇਗੀ ਤੁਰੰਤ ਕੀਤੀ ਜਾ ਸਕੇ। ਇਸਦੇ ਨਾਲ ਹੀ ਬਾਕੀ ਦੇ ਪੈਸਿਆਂ ਦਾ ਪ੍ਰਬੰਧ ਕਰ ਕੇ ਅੱਜ ਸਾਢੇ ਸੱਤ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਦੇ ਬਣਦੇ ਚੈੱਕ ਸਬੰਧਤ ਕਿਸਾਨਾਂ ਨੂੰ ਵੰਡ ਦਿੱਤੇ ਗਏ ਹਨ ਇਸ ਦੇ ਬਾਅਦ ਹੁਣ ਕਿਸਾਨਾਂ ਦਾ ਕੋਈ ਬਕਾਇਆ ਨਹੀਂ ਰਹੇਗਾ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਰਮਨ ਬਹਿਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਉਪਰੋਕਤ ਆਗੂਆਂ ਦੇ ਇਲਾਵਾ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਮਨੋਜ ਕੁਮਾਰ, ਸੁੱਚਾ ਸਿੰਘ ਮੁਲਤਾਨੀ,ਭਾਰਤ ਭੂਸ਼ਨ, ਅਨੂੰ ਗੰਡੋਤਰਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਵਾਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੌਜੂਦ ਸਨ।