ਗੁਰਦਾਸਪੁਰ, 9 ਅਗਸਤ (ਮੰਨਣ ਸੈਣੀ)। ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀ ਮੌਤਾਂ ਦੀ ਸਿਲਸਿਲਾ ਲਗਾਤਾਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਕੱਲ ਫਾਜ਼ਿਲਕਾ ਵਿੱਚ ਇੱਕ ਅਤੇ ਬਠਿੰਡਾ ਵਿੱਚ ਤਿੰਨ ਓਵਰਡੋਜ ਕਾਰਨ ਹੋਇਆ ਮੌਤਾ ਤੋ ਬਾਅਦ ਬੀਤੇ ਦਿਨ ਗੁਰਦਾਸਪੁਰ ਵਿੱਚ ਵੀ ਓਵਰਡੋਜ਼ ਕਾਰਨ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਓਵਰਡੋਜ਼ ਕਾਰਨ ਮੌਤ ਦਾ ਗ੍ਰਾਸ ਬਣਿਆ ਇਹ ਸ਼ਕਸ ਆਪਣੇ ਜਨਮਦਿਨ ਵਾਲੇ ਦਿਨ ਹੀ ਮੌਤ ਦਾ ਸ਼ਿਕਾਰ ਬਣਿਆ। ਘਰੋਂ ਪੈਸੇ ਲੈ ਕੇ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਏ 21 ਸਾਲਾ ਨੌਜਵਾਨ ਦੀ ਪਛਾਣ ਹਰਸ਼ ਪੁੱਤਰ ਦਵਿੰਦਰ ਕੁਮਾਰ ਵਾਸੀ ਮੁਹੱਲਾ ਨੰਗਲ ਕੋਟਲੀ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਦਵਿੰਦਰ ਕੁਮਾਰ ਪੁੱਤਰ ਮਹਿੰਗਾ ਰਾਮ ਵਾਸੀ ਨੰਗਲ ਕੋਟਲੀ ਗੁਰਦਾਸਪੁਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਜਿਸ ਵਿੱਚ ਉਨ੍ਹਾਂ ਦਾ ਇੱਕ ਵੱਡਾ ਬੇਟਾ ਹਰਸ਼ ਅਤੇ ਇੱਕ ਬੇਟੀ ਹੈ। ਬੀਤੇ ਦਿਨ ਉਨ੍ਹਾਂ ਦੇ ਬੇਟੇ ਦਾ ਜਨਮ ਦਿਨ ਸੀ। ਜਿਸ ਕਾਰਨ ਉਸ ਦੇ ਪੁੱਤਰ ਨੇ ਆਪਣੀ ਪਤਨੀ ਨਾਲ ਆਪਣੇ ਦੋਸਤ ਨਾਲ ਪਾਰਟੀ ਕਰਨ ਲਈ ਪੰਜ ਹਜ਼ਾਰ ਰੁਪਏ ਮੰਗੇ। ਪਰ ਪਤਨੀ ਨੇ ਉਸ ਨੂੰ 500 ਰੁਪਏ ਦਿੱਤੇ ਅਤੇ ਬਾਕੀ ਸ਼ਾਮ ਨੂੰ ਦੇਣ ਲਈ ਕਿਹਾ। ਉਹਨਾਂ ਨੇ ਦੱਸਿਆ ਕਿ ਕੱਲ੍ਹ ਹੀ ਉਸ ਦੇ ਦੋਸਤ ਜਸਬੀਰ ਸਿੰਘ ਪੁੱਤਰ ਮੁਹੱਬਤ ਸਿੰਘ ਵਾਸੀ ਨੰਗਲ ਕੋਟਲੀ ਅਤੇ ਜਸਬੀਰ ਸਿੰਘ ਉਰਫ਼ ਪ੍ਰੀਤ ਵਾਸੀ ਪਾਹੜਾ ਦੀ ਅਦਾਲਤ ਵਿੱਚ ਪੇਸ਼ੀ ਸੀ। ਪੇਸ਼ੀ ਤੋਂ ਬਾਅਦ ਜੱਜ ਸਾਹਿਬ ਨੇ ਜਸਬੀਰ ਸਿੰਘ ਅਤੇ ਪ੍ਰੀਤ ਵਾਸੀ ਪਾਹੜਾ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ। ਜਿਸ ਤੋਂ ਬਾਅਦ ਉਹਨਾਂ ਦੀ ਕਾਰ ਚਲਾ ਰਿਹਾ ਈਸ਼ਵਰ ਦਾਸ ਪੁੱਤਰ ਬਿਸ਼ੰਬਰ ਦਾਸ ਵਾਸੀ ਸੰਗਲਪੁਰ ਰੋਡ ਗੁਰਦਾਸਪੁਰ ਹਰਸ਼ ਨੂੰ ਕਾਰ ਵਿਚ ਬਿਠਾ ਕੇ ਪਨਿਆੜ ਵੱਲ ਲੈ ਗਿਆ। ਜਿੱਥੇ ਈਸ਼ਵਰ ਕੁਮਾਰ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪਰਮਿਲਾ ਦੇਵੀ ਪਤਨੀ ਅਸ਼ਵਨੀ ਕੁਮਾਰ ਵਾਸੀ ਗਾਧੀਂਆ ਤੋਂ ਹੈਰੋਇਨ ਖਰੀਦੀ। ਈਸ਼ਵਰ ਨੇ ਆਪਣੀ ਖੁਰਾਕ ਲੈ ਕੇ ਬਾਕੀ ਦੀ ਬਚੀ ਖੁਰਾਕ ਹਰਸ਼ ਨੂੰ ਦਿੱਤੀ ਅਤੇ ਹਰਸ਼ ਦੀ ਓਵਰਡੋਜ ਕਾਰਨ ਮੌਤ ਹੋ ਗਈ ।
ਜਿਸ ਤੋਂ ਬਾਅਦ ਈਸ਼ਵਰ ਕੁਮਾਰ ਹਰਸ਼ ਦੀ ਲਾਸ਼ ਲੈ ਕੇ ਬਾਈਪਾਸ ਹਾਈਵੇਅ ਪੁਲ ਤੋਂ ਮਾਨਕੌਰ ਤੋਂ ਦਾਣਾ ਮੰਡੀ ਵਾਲੇ ਪਾਸੇ ਜਾ ਰਿਹਾ ਸੀ ਅਤੇ ਉਸ ਨੇ ਕਾਰ ਵਾਈਟ ਰਿਜ਼ੋਰਟ ਦੇ ਅੱਗੇ ਕਾਰ ਖੜ੍ਹੀ ਕਰ ਦਿੱਤੀ। ਇਸ ਦੌਰਾਨ ਉਹ ਆਪਣੇ ਲੜਕੇ ਦੀ ਭਾਲ ‘ਚ ਜਾ ਰਿਹਾ ਸੀ ਕਿ ਉਸ ਨੇ ਕਾਰ ਨੂੰ ਸੜਕ ਦੇ ਕਿਨਾਰੇ ਖੜ੍ਹੀ ਦੇਖਿਆ ਅਤੇ ਕਾਰ ਦੇ ਕੋਲ ਹੀ ਇਸ਼ਵਰ ਕੁਮਾਰ ਨੂੰ ਵੀ ਖੜ੍ਹਾ ਦੇਖਿਆ ਜੋ ਉਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।
ਜਦੋਂ ਉਸ ਨੇ ਦੇਖਿਆ ਤਾਂ ਉਸ ਦਾ ਪੁੱਤਰ ਪਿਛਲੀ ਸੀਟ ‘ਤੇ ਪਿਆ ਹੋਇਆ ਸੀ ਅਤੇ ਕੁਝ ਹਿਲਜੁਲ ਨਹੀਂ ਕਰ ਰਿਹਾ ਸੀ। ਉਹ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਈਸ਼ਵਰ ਕੁਮਾਰ ਅਤੇ ਪ੍ਰੋਮਿਲਾ ਦੇਵੀ ਖਿਲਾਫ ਆਈਪੀਸੀ ਧਾਰਾ 304 ਅਤੇ ਐਨਡੀਪੀਐਸ ਦੀ ਧਾਰਾ 29 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।