ਹੋਰ ਗੁਰਦਾਸਪੁਰ ਪੰਜਾਬ

ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਹੋ ਰਹੀ ਦੇਰੀ ਦਾ ਵਿਧਾਇਕ ਸ਼ੈਰੀ ਕਲਸੀ ਤੇ ਡੀ.ਸੀ. ਮੁਹੰਮਦ ਇਸ਼ਫ਼ਾਕ ਨੇ ਲਿਆ ਗੰਭੀਰ ਨੋਟਿਸ

ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਹੋ ਰਹੀ ਦੇਰੀ ਦਾ ਵਿਧਾਇਕ ਸ਼ੈਰੀ ਕਲਸੀ ਤੇ ਡੀ.ਸੀ. ਮੁਹੰਮਦ ਇਸ਼ਫ਼ਾਕ ਨੇ ਲਿਆ ਗੰਭੀਰ ਨੋਟਿਸ
  • PublishedAugust 8, 2022

ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ

ਬਟਾਲਾ, 8 ਅਗਸਤ ( ਮੰਨਣ ਸੈਣੀ) – ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਸ਼ਹਿਰ ਵਿੱਚ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਹੋ ਰਹੀ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਜਾਂ ਤਾਂ ਵਿਆਹ ਪੁਰਬ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਜਾਂ ਫਿਰ ਸਖਤ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਵਿਧਾਇਕ ਸ੍ਰੀ ਸ਼ੈਰੀ ਕਲਸੀ, ਮੇਅਰ ਨਗਰ ਨਿਗਮ ਬਟਾਲਾ ਸ. ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸ਼ਾਇਰੀ ਭੰਡਾਰੀ ਅਤੇ ਹੋਰ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਲੰਧਰ ਰੋਡ ਦੇ ਕੰਮ ਨੂੰ ਤੁਰੰਤ ਮੁਕੰਮਲ ਕਰਕੇ ਰੋਡ ਲੋਕ ਨਿਰਮਾਣ ਵਿਭਾਗ ਦੇ ਹਵਾਲੇ ਕਰਨ ਤਾਂ ਜੋ ਨਗਰ ਕੀਰਤਨ ਦੇ ਇਸ ਰਸਤੇ ਨੂੰ ਸਮਾਂ ਰਹਿੰਦਿਆਂ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਹੁਣ ਦਿਨ-ਰਾਤ ਕੰਮ ਵਿੱਚ ਲੱਗ ਜਾਣ ਅਤੇ ਜੰਗੀ ਪੱਧਰ ’ਤੇ ਆਪਣੇ ਹਿੱਸੇ ਦੇ ਕੰਮਾਂ ਨੂੰ ਮੁਕੰਮਲ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 20 ਅਗਸਤ ਤੱਕ ਸਾਰੇ ਸ਼ਹਿਰ ਦੇ ਰਸਤਿਆਂ ਦੀਆਂ ਲਾਈਟਾਂ ਬਿਲਕੁਲ ਠੀਕ ਹੋਣੀਆਂ ਚਾਹੀਦੀਆਂ ਹਨ। ਇਸਦੇ ਨਾਲ ਹੀ ਸ਼ਹਿਰ ਦੀ ਸਫ਼ਾਈ ਲਈ ਵਿਸ਼ੇਸ਼ ਪਲਾਨ ਤਿਆਰ ਕਰਕੇ ਉਸਤੇ ਅਮਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਇੱਕ ਵੀ ਕੂੜੇ ਦਾ ਢੇਰ ਨਜ਼ਰ ਨਾ ਆਵੇ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਸਾਰੇ ਰਸਤੇ ਨੂੰ ਬਣਾਉਣ ਦੇ ਨਾਲ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਇਸਦੇ ਨਾਲ ਹੀ ਸ਼ਹਿਰ ਵਿੱਚ ਬਿਜਲੀ, ਕੇਬਲ, ਟੈਲੀਫੋਨ ਆਦਿ ਦੀਆਂ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਇਹ ਯਕੀਨੀ ਬਣਾਵੇਗਾ ਕਿ ਸ਼ਹਿਰ ਵਿੱਚ ਇੱਕ ਵੀ ਸੀਵਰੇਜ ਹੋਲ ਬਿਨ੍ਹਾਂ ਢੱਕਣ ਤੋਂ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਫ਼ਤੇ ਵਿੱਚ ਦੋ ਵਾਰ ਖੁਦ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੂੰ ਲੈ ਕੇ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਜਾਇਜਾ ਲੈਣਗੇ।

ਮੀਟਿੰਗ ਦੌਰਾਨ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਉਣ ਲਈ ਪੂਰੀ ਦੁਨੀਆਂ ਵਿਚੋਂ ਸੰਗਤ ਬਟਾਲਾ ਸ਼ਹਿਰ ਪਹੁੰਚਦੀ ਹੈ, ਇਸ ਲਈ ਸੰਗਤਾਂ ਦੀ ਆਓ-ਭਗਤ ਅਤੇ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।  

ਇਸ ਤੋਂ ਪਹਿਲਾਂ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੌਕੇ ’ਤੇ ਜਾ ਕੇ ਤਿਆਰੀਆਂ ਦਾ ਜਾਇਜਾ ਵੀ ਲਿਆ।

Written By
The Punjab Wire