ਬਰਸਾਤ ਕਾਰਨ ਚੁਕਿੱਆ ਜਾ ਚੁੱਕਾ ਹੈ ਪੁਲ, ਪਾਰ ਦੇ ਪਿੰਡਾਂ ਵਿੱਚ ਮੁਢਲੀ ਕਿਸ਼ਤੀ ਰਾਹੀਂ ਪਹੁੰਚ ਕਰ ਰਹੇ ਸਿਹਤ ਕਰਮਚਾਰੀ
ਗੁਰਦਾਸਪੁਰ, 5 ਅਗਸਤ (ਮੰਨਣ ਸੈਣੀ) ਮਕੋੜਾ ਪੱਤਨ ਤੇ ਰਾਵੀ ਦਰਿਆ ਦੇ ਪਾਰ ਵਸੇ ਪਿੰਡਾਂ ਨੂੰ ਬੇਸ਼ੱਕ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੱਕਾ ਪੁਲ ਨਸੀਬ ਨਹੀਂ ਹੋਇਆ । ਪਰ ਸਿਹਤ ਵਿਭਾਗ ਦੀਆਂ ਟੀਮਾਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ ਕਿ ਜ਼ਿਲ੍ਹੇ ਨਾਲੋ ਕੱਟ ਚੁੱਕੇ ਪਾਰ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਮੁਢਲੀ ਸਿਹਤ ਸਹੂਲਤਾਂ ਦੀ ਕੋਈ ਘਾਟ ਪੇਸ਼ ਨਾ ਆਵੇ। ਇਹਨ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਦੇ ਕਰਮਚਾਰੀ ਰਾਵੀ ਦਰਿਆ ਪਾਰ ਕਰਕੇ ਇਸ ਟਾਪੂ ਨੂਮਾ ਹਿੱਸੇ ‘ਤੇ ਵਸੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ।
ਦੱਸਣਯੋਗ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੀ ਸੰਭਾਵਨਾ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਪੁਲ ਨੂੰ ਹਟਾ ਦਿੱਤਾ ਜਾਂਦਾ ਹੈ। ਜਿਸ ਕਾਰਨ ਇਸ ਪਾਰ ਵਸਦੇ ਲੋਕਾਂ ਲਈ ਜ਼ਿਲ੍ਹੇ ਨਾਲ ਜੁੜਨ ਦਾ ਇੱਕੋ ਇੱਕ ਆਖਰੀ ਸਹਾਰਾ ਕਿਸ਼ਤੀ ਬਣਦਾ ਹੈ। ਇਸ ਸਾਲ ਵੀ ਪਿਛਲੇ ਦਿਨੀਂ ਆਰਜੀ ਪੁਲ ਨੂੰ ਚੁੱਕਣ ਤੋਂ ਬਾਅਦ ਹੁਣ ਲੋਕ ਸਿਰਫ਼ ਕਿਸ਼ਤੀ ਦੇ ਸਹਾਰੇ ਹੀ ਹਨ ਅਤੇ ਪਾਰ ਵੱਸਦੇ ਲੋਕਾਂ ਲਈ ਬਰਸਾਤ ਦਾ ਮੌਸਮ ਕਾਲੇ ਪਾਣੀ ‘ਤੇ ਵਸਣ ਵਾਂਗ ਹੋ ਚੁੱਕਾ ਹੈ। ਉੱਥੇ ਨਾ ਤਾਂ ਇਹਨਾਂ ਦਿਨਾਂ ਵਿੱਚ ਕੋਈ ਸਿਹਤ ਸਹੂਲਤਾਂ ਮਿਲਦੀਆਂ ਸਨ ਅਤੇ ਨਾ ਹੀ ਬੱਚਿਆਂ ਲਈ ਸਕੂਲ।
ਜਿਸ ਦੇ ਚੱਲਦਿਆਂ ਰਾਵੀ ਦੇ ਪਾਰ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਪਿਛਲੇ ਦਿਨੀਂ ਜਲੰਧਰ ਡਵੀਜ਼ਨ ਦੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਵੱਲੋਂ ਸੁਣੀਆਂ ਗਇਆ ਅਤੇ ਉੱਥੇ ਲਗਾਤਾਰ ਸਿਹਤ ਵਿਭਾਗ ਨੂੰ ਟੀਮਾਂ ਭੇਜਣ ਲਈ ਕਿਹਾ ਗਿਆ। ਜਿਸ ‘ਤੇ ਅਮਲ ਹੁੰਦਾ ਨਜ਼ਰ ਆ ਰਿਹਾ ਹੈ। ਉਧਰ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਤੂਰ ਚਿੱਬ ਵਿੱਚ ਹੈਲਥ ਅਤੇ ਵੈਲਨੈਸ ਸੈਂਟਰ ਹੋਣ ਕਾਰਨ ਪਹਿਲਾਂ ਵੀ ਟੀਮਾਂ ਲਗਾਤਾਰ ਉੱਥੇ ਦਾ ਦੌਰਾ ਕਰਦੀਆਂ ਹਨ,ਪਰ ਜਦੋਂ ਪਾਣੀ ਜਿਆਦਾ ਆ ਜਾਣ ਕਾਰਨ ਕਿਸ਼ਤੀ ਵੀ ਚੁੱਕ ਲਈ ਜਾਂਦੀ ਹੈ ਤਾਂ ਥੋੜੀ ਮੁਸ਼ਕਿਲ ਜਰੂਰ ਪੇਸ਼ ਆਉਂਦੀ ਹੈ।
ਇਸ ਸਬੰਧੀ ਪਿੰਡ ਮਕੌੜਾ ਦੇ ਸਰਪੰਚ ਅਜੈਪਾਲ ਸਿੰਘ ਨੇ ਦੱਸਿਆ ਕਿ ਪਾਰ ਰਹਿੰਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪ੍ਰਸ਼ਾਸਨ ਨੂੰ ਦੱਸਿਆ ਗਇਆ ਸੀ| ਉਨ੍ਹਾਂ ਕਿਹਾ ਕਿ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਆਪਣੇ ਸੈਂਟਰ ਤੇ ਜਾ ਰਹਿਆਂ ਹਨ। ਦੂਜੇ ਪਾਸੇ ਤੂਰ ਦੀ ਬਚਨੀ ਦੇਵੀ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਉਸ ਨੂੰ ਹੈਲਥ ਐਡ ਵੈਲਨੈਸ ਸੈਂਟਰ ਵਿੱਚ ਦਵਾਈਆਂ ਮਿਲ ਰਹੀਆਂ ਹਨ। ਪਰ ਉਹ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਮਕੌੜਾ ਪੱਤਨ ਅਤੇ ਸਾਡੇ ਪਿੰਡਾ ਨੂੰ ਜੋੜਣ ਵਾਲਾ ਪੱਕਾ ਪੁਲ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਸਾਨੂੰ ਕਾਲੇ ਪਾਣੀ ਤੋਂ ਛੁਟਕਾਰਾ ਮਿਲ ਸਕੇ। ਇਸੇ ਤਰ੍ਹਾਂ ਦਵਾਈ ਲੈਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਤੋਂ ਦਵਾਈਆਂ ਮਿਲ ਰਹੀਆਂ ਹਨ ਪਰ ਰਾਤ ਸਮੇਂ ਐਮਰਜੈਂਸੀ ਦੀ ਸਥਿਤੀ ‘ਚ ਉਨ੍ਹਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਦੇ ਲਈ ਹੈਲਥ ਅਤੇ ਵੈਲਨੈਸ ਸੈਂਟਰ ਵਿੱਚ ਇੰਤਜਾਮ ਤਾਂ ਹੈ ਪਰ ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਆਧੁਨਿਕ ਹਸਪਤਾਲ ਜਾਣਾ ਪੈਂਦਾ ਹੈ। ਇਸ ਲਈ ਪੁਲ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਉਹਨ੍ਹਾਂ ਨੂੰ ਵੀ ਆਜ਼ਾਦੀ ਦੀ ਵਿਕਾਸਸ਼ੀਲ ਖੁਸ਼ਬੂ ਦਾ ਅਹਿਸਾਸ ਹੋ ਸਕੇ, ਜਿਸ ਤੋਂ ਹਾਲੇ ਤੱਕ ਪਿੰਡਾਂ ਦੇ ਲੋਕ ਵਾਂਝੇ ਹਨ ਅਤੇ ਹਾਲੇ ਤੱਖ ਪੁੱਲ ਵਰਗੀ ਬੁਨਿਆਦੀ ਸਹੂਲਤਾਂ ਦੀ ਮੰਗ ਕਰ ਰਹੇ ਹਨ।
ਇਸ ਸੰਬੰਧੀ ਜਦ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਹਰਭਜਨ ਰਾਮ ਮਾਂਡੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਸਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤੂਰ ਚਿੰਬ ਪਿੰਡ ਵਿੱਚ ਹੈਲਥ ਐਡ ਵੈਲਨੈਂਸ ਸੈਂਟਰ ਹੈ ਜਿੱਥੇ ਸਟਾਫ਼ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਆਉਣ ਜਾਉਣ ਦੀ ਸਮਸਿਆ ਜਰੂਰ ਪੇਸ਼ ਆਉਂਦੀ ਹੈ। ਪਰ ਸਿਹਤ ਵਿਭਾਗ ਦੇ ਕਰਮਚਾਰੀ ਕਿਸ਼ਤੀ ਵਿੱਚ ਸਫ਼ਰ ਕਰ ਕੇ ਪਾਰ ਵਸੱਦੇ ਲੋਕਾਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਬਰਸਾਤੀ ਮੌਸਮ ਵਿੱਚ ਉਸ ਇਲਾਕੇ ਵਿੱਚ ਦਵਾਈਆਂ ਦੀ ਮਾਤਰਾ ਵੀ ਵਧਾਈ ਗਈ ਹੈ ਤਾਂ ਜੋਂ ਲੋਕ ਆਪਣੇ ਘਰਾਂ ਅੰਦਰ ਵੀ ਕੁਝ ਸਟਾਕ ਕਰ ਸਕਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਸਮੇਂ ਕੋਈ ਦਿੱਕਤ ਪੇਸ਼ ਨਾ ਆਏ।