ਗੁਰਦਾਸਪੁਰ, 29 ਜੁਲਾਈ (ਮੰਨਣ ਸੈਣੀ)। ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਇਤਿਹਾਸਕ ਕਸਬਾ ਧਿਆਨਪੁਰ ‘ਚ ਸ਼ੁੱਕਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦਿਲਪ੍ਰੀਤ ਸਿੰਘ ਰਾਜਸਥਾਨ ‘ਚ ਜੇ.ਸੀ.ਬੀ ਮਸ਼ੀਨ ਚਲਾਉਂਦਾ ਸੀ ਅਤੇ ਕਰੀਬ 2 ਮਹੀਨੇ ਬਾਅਦ ਦਿਲਪ੍ਰੀਤ ਸਿੰਘ ਆਪਣੇ ਪਿੰਡ ਵਾਪਸ ਆਇਆ ਸੀ ਕਿ ਸ਼ੁੱਕਰਵਾਰ ਦੁਪਹਿਰ ਨੂੰ ਉਹ ਬੇਹੋਸ਼ੀ ਦੀ ਹਾਲਤ ‘ਚ ਪਿੰਡ ਧਿਆਨਪੁਰ ਦੇ ਟਿਊਬਵੈੱਲ ਤੇ ਮਿਲਿਆ। ਉਹਨਾਂ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਸੀ। ਜਿਸ ਕਾਰਨ ਉਸ ਨੂੰ ਕੰਮ ਲਈ ਬਾਹਰ ਭੇਜ ਦਿੱਤਾ ਗਿਆ ਸੀ ਅਤੇ ਦਿਲਪ੍ਰੀਤ ਸਿੰਘ ਅੱਜ ਘਰੋਂ ਬਾਹਰ ਗਿਆ ਹੋਇਆ ਸੀ, ਜਿਸ ਕਾਰਨ ਉਸ ਨੇ ਟੀਕੇ ਦੀ ਓਵਰਡੋਜ਼ ਲੈ ਲਈ ਸੀ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਤੁਰੰਤ ਸਰਕਾਰੀ ਸਿਹਤ ਕੇਂਦਰ ਫਤਿਹਗੜ੍ਹ ਚੂੜੀਆਂ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰ੍ਤਕ ਕਰਾਰ ਦਿੱਤਾ।
ਦਿਲਪ੍ਰੀਤ ਸਿੰਘ ਦੀ ਨਸ਼ੇ ਕਾਰਨ ਹੋਈ ਮੌਤ ‘ਤੇ ਪਰਿਵਾਰਕ ਮੈਂਬਰਾਂ ਤੇ ਕਾਮਰੇਡ ਗੁਲਜ਼ਾਰ ਸਿੰਘ ਬਸੰਤ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੇਲੇ ਵੀ ਅਸੀਂ ਨਸ਼ਾ ਨਾਲ ਨੌਜ਼ਵਾਨ ਮਰਦੇ ਵੇਖਦੇਂ ਸੀ ਅਤੇ ਹੁਣ ਵੀ ਵੇਖ ਰਹੇ ਹਾਂ ਬਦਲਾਵ ਕਿੱਥੇ ਹੈ? ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਸਮੇਂ-ਸਮੇਂ ‘ਤੇ ਪੁਲਸ ਪ੍ਰਸ਼ਾਸਨ ਅਤੇ ਸਰਕਾਰੀ ਅਦਾਰਿਆਂ ਨੂੰ ਜਾਣੂ ਕਰਵਾਇਆ ਜਾਂਦਾ, ਪਰ ਕਿਸੇ ਨੇ ਨਸ਼ੇ ਬੰਦ ਨਹੀਂ ਕਰਵਾਏ। ਜਿਸ ਕਾਰਨ ਮਾਵਾਂ ਦੇ ਪੁੱਤ ਨਸ਼ਿਆਂ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਹੈ।