Close

Recent Posts

ਹੋਰ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਅੰਦਰ ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਛੇ ਸਾਲਾ ਭਤੀਜਾ ਤੇ ਚਾਚਾ ਜ਼ਖ਼ਮੀ

ਗੁਰਦਾਸਪੁਰ ਅੰਦਰ ਭਾਰੀ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਛੇ ਸਾਲਾ ਭਤੀਜਾ ਤੇ ਚਾਚਾ ਜ਼ਖ਼ਮੀ
  • PublishedJuly 28, 2022

ਗੁਰਦਾਸਪੁਰ, 28 ਜੁਲਾਈ (ਮੰਨਣ ਸੈਣੀ)। ਗੁਰਦਾਸਪੁਰ ਸ਼ਹਿਰ ‘ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਮੁਹੱਲਾ ਆਦਰਸ਼ ਨਗਰ ਵਾਲੀ ਗਲੀ ‘ਚ ਇਕ ਮਕਾਨ ਦੀ ਛੱਤ ਡਿੱਗ ਗਈ | ਛੱਤ ਇਕ ਛੇ ਸਾਲਾ ਲੜਕੇ ਅਤੇ ਉਸ ਦੇ ਚਾਚੇ ‘ਤੇ ਡਿੱਗ ਗਈ ਜੋ ਕਮਰੇ ਵਿਚ ਬੈਠੇ ਟੀਵੀ ਦੇਖ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਕੌਂਸਲਰ ਸਵਿਤਾ ਸ਼ਰਮਾ ਦੇ ਬੇਟੇ ਵਰੁਣ ਸ਼ਰਮਾ ਅਤੇ ਇਲਾਕੇ ਦੇ ਹੋਰ ਲੋਕ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਤੁਰੰਤ ਚਾਚੇ-ਭਤੀਜੇ ਨੂੰ ਮਲਬੇ ਹੇਠੋਂ ਬਾਹਰ ਕੱਢਿਆ। ਜ਼ਖਮੀ ਹਾਲਤ ‘ਚ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਸੈਣੀ ਗੈਸਟ ਸਟਰੀਟ ਦੇ ਰਹਿਣ ਵਾਲੇ ਹੀਰਾ ਲਾਲ ਨੇ ਦੱਸਿਆ ਕਿ ਉਹ ਰੰਗ ਰੋਗਨ ਦਾ ਕੰਮ ਕਰਦਾ ਹੈ, ਜਦਕਿ ਉਸਦਾ ਭਰਾ ਗੌਰਵ ਵੀ ਦਿਹਾੜੀਦਾਰ ਮਜ਼ਦੂਰੀ ਕਰਦਾ ਹੈ। ਦੋਵੇਂ ਇਸ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿੰਦੇ ਹਨ। ਅੱਜ ਜਦੋਂ ਉਸ ਦਾ ਭਰਾ ਗੌਰਵ ਅਤੇ 7 ਸਾਲਾ ਪੁੱਤਰ ਜੈਦੀਪ ਕਮਰੇ ਵਿੱਚ ਬੈਠੇ ਟੀਵੀ ਦੇਖ ਰਹੇ ਸਨ ਤਾਂ ਅਚਾਨਕ ਮੀਂਹ ਕਾਰਨ ਕਮਰੇ ਦੀ ਛੱਤ ਡਿੱਗ ਗਈ ਅਤੇ ਦੋਵੇਂ ਚਾਚਾ-ਭਤੀਜਾ ਮਲਬੇ ਹੇਠ ਦੱਬ ਗਏ। ਉਸ ਨੇ ਘਬਰਾਹਟ ‘ਚ ਲੋਕਾਂ ਨੂੰ ਸੂਚਨਾ ਦਿੱਤੀ।ਜਿਸ ਤੋਂ ਬਾਅਦ ਵਰੁਣ ਵੀ ਮੌਕੇ ‘ਤੇ ਪਹੁੰਚ ਗਏ ਅਤੇ ਦੋਵਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਮੌਕੇ ’ਤੇ ਪੁੱਜੇ ਵਰੁਣ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੋਵੇਂ ਚਾਚਾ-ਭਤੀਜਾ ਮਲਬੇ ਹੇਠ ਪੂਰੀ ਤਰ੍ਹਾਂ ਦੱਬੇ ਹੋਏ ਸਨ ਅਤੇ ਉਨ੍ਹਾਂ ਦੇ ਸਿਰ ਦਾ ਕੁਝ ਹਿੱਸਾ ਹੀ ਦਿਖਾਈ ਦੇ ਰਿਹਾ ਸੀ। ਇਲਾਕਾ ਨਿਵਾਸੀਆਂ ਦੀ ਮਦਦ ਨਾਲ ਮਲਬਾ ਹਟਾਇਆ ਗਿਆ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਗਰੀਬ ਪਰਿਵਾਰ ਦੇ ਬੈੱਡ, ਟੀ.ਵੀ ਅਤੇ ਹੋਰ ਸਮਾਨ ਮਲਬੇ ਹੇਠ ਦਬ ਗਿਆ ਅਤੇ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਇਸ ਲਈ ਪ੍ਰਸ਼ਾਸਨ ਤੋਂ ਉਨ੍ਹਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Written By
The Punjab Wire