ਸ਼ਹਿਰ ਦੇ ਪ੍ਰਮੁੱਖ ਚੌਂਕਾਂ ਦੇ ਸੁੰਦਰੀਕਰਨ ਪ੍ਰੋਜੈਕਟਾਂ ਬਾਰੇ ਕੀਤਾ ਵਿਚਾਰ ਵਟਾਂਦਰਾ
ਬਟਾਲਾ, 25 ਜੁਲਾਈ ( ਮੰਨਣ ਸੈਣੀ )। ਬਟਾਲਾ ਸ਼ਹਿਰ ਨੂੰ ਖੂਬਸੂਰਤ ਦਿੱਖ ਦੇਣ ਲਈ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਸਹਿਯੋਗ ਮੰਗਿਆ ਹੈ। ਅੱਜ ਬਟਾਲਾ ਕਲੱਬ ਵਿੱਚ ਸ਼ਹਿਰ ਦੀਆਂ ਨਾਮੀ ਸਮਾਜ ਸੇਵੀ ਸੰਸਥਾਵਾਂ, ਪ੍ਰਮੁੱਖ ਸਨਅਤਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਖੂਬਸੂਰਤ ਦੇਣ ਦੀਆਂ ਕੋਸ਼ਿਸ਼ਾਂ ਅਰੰਭੀਆਂ ਗਈਆਂ ਹਨ ਜਿਸ ਵਿਚ ਸ਼ਹਿਰ ਵਾਸੀਆਂ ਦਾ ਸਹਿਯੋਗ ਸਭ ਤੋਂ ਜਰੂਰੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਸ਼ਹਿਰ ਦੇ ਚੌਂਕਾਂ ਨੂੰ ਅਜਿਹੀ ਖੂਬਸੂਰਤ ਦਿੱਖ ਦਿੱਤੀ ਜਾਵੇ ਕਿ ਜਿਸਨੂੰ ਦੇਖ ਕੇ ਹਰ ਬਟਾਲਾ ਵਾਸੀ ਆਪਣੇ ਸ਼ਹਿਰ ’ਤੇ ਮਾਣ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਵਿੱਚ ਐੱਲ.ਈ.ਡੀ. ਸਕਰੀਨਾਂ ਵੀ ਲਗਾਈਆਂ ਜਾਣਗੀਆਂ ਜਿਥੇ ਕਾਰੋਬਾਰੀ ਅਦਾਰੇ ਆਪਣੀ ਮਸ਼ਹੂਰੀ ਕਰਵਾ ਸਕਣਗੇ ਜਿਸ ਨਾਲ ਨਗਰ ਨਿਗਮ ਨੂੰ ਆਮਦਨ ਵੀ ਹੋਵੇਗੀ। ਉਨ੍ਹਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਉੱਘੀਆਂ ਹਸਤੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ-ਇੱਕ ਚੌਂਕ ਨੂੰ ਗੋਦ ਲੈਣ ਅਤੇ ਉਸਨੂੰ ਖੂਬਸੂਰਤ ਬਣਾ ਕੇ ਉਸਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਵੀ ਲੈਣ। ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਸ਼ਹਿਰ ਦੀਆਂ ਕੰਧਾਂ ਉੱਪਰ ਖੂਬਸੂਰਤ ਪੇਟਿੰਗ ਕੀਤੀਆਂ ਜਾਣਗੀਆਂ। ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਬਟਾਲਾ ਸਾਡਾ ਸਾਰਿਆਂ ਦਾ ਆਪਣਾ ਸ਼ਹਿਰ ਹੈ ਅਤੇ ਇਸਨੂੰ ਖੂਬਸੂਰਤ ਬਣਾਉਣ ਵਿੱਚ ਵੀ ਹਰ ਸ਼ਹਿਰ ਵਾਸੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਐੱਸ.ਡੀ.ਐੱਮ.-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸ਼ਾਇਰੀ ਮਲਹੋਤਰਾ ਨੇ ਕਿਹਾ ਕਿ ਸ਼ਹਿਰ ਵਿੱਚ ਚੌਂਕਾਂ ਦੇ ਸੁੰਦਰੀਕਰਨ ਦੇ ਨਾਲ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫ਼ਾਈ ਲਈ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਦੀਆਂ ਦੀਵਾਰਾਂ ਤੇ ਗੇਟਾਂ ’ਤੇ ਇਸ਼ਤਿਹਾਰ ਲਗਾਉਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਸੀਨੀਅਰ ਆਪ ਆਗੂ ਸ. ਜਗਰੂਪ ਸਿੰਘ ਸੇਖਵਾਂ, ਯਸਪਾਲ ਚੌਹਾਨ, ਵੀ.ਕੇ. ਸਹਿਗਲ, ਰਜੀਵ ਵਿੱਗ, ਸਤੀਸ਼ ਕੁਮਾਰ ਦ੍ਰਿਸ਼ਟੀ ਕਲੱਬ, ਸਿਮਰਤਪਾਲ ਸਿੰਘ ਵਾਲੀਆ, ਰਾਜੇਸ਼ ਮਰਵਾਹਾ, ਪਲਕਿਤ ਅਗਰਵਾਲ, ਸਤਿਅਮ ਗੋਇਲ, ਰਾਜ ਧਵਨ, ਮਲਕੀਤ ਸਿੰਘ ਬਾਠ, ਸ਼ੇਰੇ ਪੰਜਾਬ ਸਿੰਘ, ਨਿੱਕੂ ਹੰਸਪਾਲ, ਪਵਨ ਕੁਮਾਰ ਸਮੇਤ ਹੋਰ ਮੋਹਤਬਰਾਂ ਨੇ ਵੀ ਸ਼ਹਿਰ ਦੇ ਸੁੰਦਰੀਕਰਨ ਲਈ ਆਪਣੇ ਸੁਝਾਅ ਦਿੱਤੇ।