ਗੁਰਦਾਸਪੁਰ, 25 ਜੁਲਾਈ (ਮੰਨਣ ਸੈਣੀ)। ਹਾਦਸੇ ਦਾ ਸ਼ਿਕਾਰ ਹੋਈ ਇੱਕ ਗੱਡੀ ਦਾ ਸਰਵੇਂ ਕਰਨ ਗਏ ਗੁਰਦਾਸਪੁਰ ਨਿਵਾਸੀ ਸਰਵੇਅਰ ਅਤੇ ਉਨ੍ਹਾਂ ਦੇ ਨਾਲ ਘੁੱਮਣ ਗਏ ਪੀਡਬਲਯੂਡੀ ਦੇ ਐਕਸੀਅਨ ਅਤੇ ਇੱਕ ਐਨ.ਆਰ.ਆਈ ਦੋਸਤ ਦੀ ਹਿਮਾਚਲ ਪ੍ਰਦੇਸ਼ ਦੇ ਚੰਬਾ ਤੀਸਾ ਵਾਇਆ ਸੱਚ-ਪਾਸ ਕਿੱਲੜ ਸੜਕ ਤੇ ਸ਼ਤਰੂ ਨਹਿਰ ਦੇ ਕੋਲ ਬੋਲੈਰੋ ਗੱਡੀ ਡੂੰਬੀ ਖੱਡ ਵਿੱਚ ਡਿੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਵਿੱਚ ਕੁਲ 5 ਲੋਕਾਂ ਦੀ ਮੌਤ ਹੋਈ ਜਦਕਿ ਦੋ ਜਖਮੀ ਸਨ। ਹਾਦਸਾ ਐਤਵਾਰ ਦੁਪਹਿਰ ਨੂੰ ਵਾਪਰਿਆ। ਦੱਸਿਆ ਗਿਆ ਕਿ ਹਾਦਸੇ ਵਾਲੀ ਥਾਂ ਤੋਂ ਕਰੀਬ 1 ਘੰਟੇ ਦੀ ਦੂਰੀ ਤੱਕ ਮੋਬਾਇਲ ਦਾ ਵੀ ਕੋਈ ਲਿੰਕ ਨਹੀਂ ਸੀ ਅਤੇ ਹਾਦਸੇ ਦਾ ਖ਼ਬਰ ਪੁਲਿਸ ਨੂੰ ਆਮ ਲੋਕਾਂ ਤੋਂ ਲੱਗੀ।
ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮ੍ਰਿਤਕਾ ਦੀ ਪਛਾਣ ਸਰਵੇਅਰ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ ਸ਼ਰਮਾ ਵਾਸੀ ਰਾਮ ਸ਼ਰਨਮ ਕਲੌਨੀ ਗੁਰਦਾਸਪੁਰ , ਪੀਡਬਲਯੂਡੀ ਦੇ ਐਕਸੀਅਨ ਮਨਮੋਹਨ ਸਰੰਗਲ ਪੁੱਤਰ ਚਮਨ ਲਾਲ ਵਾਸੀ ਆਰਿਆ ਨਗਰ ਦੀਨਾਨਗਰ ਅਤੇ ਐਨ.ਆਰ.ਆਈ ਅਮਰਜੀਤ ਪੁੱਤਰ ਬੱਚਨ ਸਿੰਘ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ ਅਤੇ ਹੋਰਾਂ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਮੁਸ਼ਦੀ ਰਾਮ ਪਿੰਡ ਚੰਦੋੜ ਤਹਿਸੀਲ ਚੁਰਾਹ ਅਤੇ ਹੇਮ ਸਿੰਘ ਪੁੱਤਰ ਪ੍ਰਤਾਪ ਸਿੰਘ ਪਿੰਡ ਬਰੌਰ ਦੇ ਰੂਪ ਵਿੱਚ ਹੋਈ।
ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਰਾਜੀਵ ਸ਼ਰਮਾ ਇੱਕ ਮਹੀਨਾ ਪਹਿਲਾਂ ਚੰਬਾ ਤੀਸਾ ਵਾਇਆ ਸੱਚਪਾਸ -ਕਿੱਲੜ ਸੜਕ ਸਥਿਤ ਇੱਕ ਹਾਦਸੇ ਦਾ ਸ਼ਿਕਾਰ ਹੋਈ ਟਾਟਾ ਸੂਮੋਂ ਦਾ ਸਰਵੇ ਕਰਨ ਗਏ ਸਨ, ਜਿਸ ਵਿੱਚ ਚਾਰ ਲੋਕ ਜਖ਼ਮੀ ਹੋ ਗਏ ਸਨ। ਇਸ ਗੱਡੀ ਦੇ ਕਲੇਮ ਸੈਟਲਮੈਂਟ ਲਈ ਰਾਜੀਵ ਸ਼ਰਮਾ ਤੀਸਾ ਤੋਂ ਬਗੋਟੂ ਜਾ ਰਹੇ ਸਨ ਅਤੇ ਰਸਤੇ ਵਿੱਚ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਤੀਸਾ ਪੁਲਿਸ ਪ੍ਰਭਾਰੀ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਐਸੀ ਸੀ ਜਿੱਥੇ ਮੋਬਾਇਲ ਦਾ ਵੀ ਸਿਗਨਲ ਨਹੀਂ ਆਉਂਦਾ। ਇਸ ਸੰਬੰਧੀ ਇੱਕ ਢਾਬੇ ਵਾਲੇ ਕੋਲ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਵੱਲੋਂ ਲੋਕਲ ਲੋਕਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਤੀਸਾ ਹਸਪਤਾਲ ਪਹੁੰਚਾਇਆ ਗਿਆ। ਤੀਸਾ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਚੰਬਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਦੇਰ ਸ਼ਾਮ ਸਿਵਲ ਹਸਪਤਾਲ ਟਿੱਸਾ ਪਹੁੰਚਾਇਆ ਗਿਆ। ਜਿੱਥੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਮ੍ਰਿਤਕਾ ਦੀ ਦੇਹ ਪਾਰਿਵਾਰਿਕ ਮੈਂਬਰਾਂ ਦੇ ਸਪੁਰਦ ਕਰ ਦਿੱਤੀ ਗਈ ਹੈ।