ਹੋਰ ਗੁਰਦਾਸਪੁਰ ਪੰਜਾਬ

ਨਹੀਂ ਸੰਤੁਸ਼ਟ ਵਿਧਾਇਕ ਸ਼ੈਰੀ ਕਲਸੀ, ਅਧਿਕਾਰੀਆਂ ਕੋਲੋਂ ਸਟਰੀਟ ਲਾਈਟਾਂ ਲਗਾਉਣ ਵਿੱਚ ਹੋਈਆਂ ਬੇਨਿਯਮੀਆਂ ਸਬੰਧੀ ਰੀਪੋਰਟ ਤਲਬ ਕੀਤੀ

ਨਹੀਂ ਸੰਤੁਸ਼ਟ ਵਿਧਾਇਕ ਸ਼ੈਰੀ ਕਲਸੀ, ਅਧਿਕਾਰੀਆਂ ਕੋਲੋਂ ਸਟਰੀਟ ਲਾਈਟਾਂ ਲਗਾਉਣ ਵਿੱਚ ਹੋਈਆਂ ਬੇਨਿਯਮੀਆਂ ਸਬੰਧੀ ਰੀਪੋਰਟ ਤਲਬ ਕੀਤੀ
  • PublishedJuly 23, 2022

400 ਰੁਪਏ ਦਾ ਇੱਕ ਬਲਬ ਬਦਲਣ ਦੀ ਬਜਾਏ ਪਿਛਲੇ ਹੁਕਮਰਾਨਾਂ ਨੇ 15000 ਰੁਪਏ ਪ੍ਰਤੀ ਪੋਲ ਨਵੇਂ ਪੋਲ ਲਗਾ ਕੇ ਜਨਤਾ ਦੇ ਪੈਸੇ ਲੁਟਾਏ – ਵਿਧਾਇਕ ਸ਼ੈਰੀ ਕਲਸੀ

ਵਿਆਹ ਪੁਰਬ ਤੋਂ ਪਹਿਲਾਂ ਬਟਾਲਾ ਸ਼ਹਿਰ ਨੂੰ ਹਨੇਰੇ ’ਚੋਂ ਕੱਢਣ ਦੀਆਂ ਹਦਾਇਤਾਂ ਦਿੱਤੀਆਂ

ਬਟਾਲਾ, 22 ਜੁਲਾਈ ( ਮੰਨਣ ਸੈਣੀ ) । ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ. ਅਮਨ ਸ਼ੇਰ ਸਿੰਘ ਕਲਸੀ ਨੇ ਬਟਾਲਾ ਸ਼ਹਿਰ ਵਿੱਚ ਸਟਰੀਟ ਲਾਈਟਾਂ ਦੇ ਮਾਮਲੇ ਵਿੱਚ ਹੋਈਆਂ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਕੋਲੋਂ ਰੀਪੋਰਟ ਮੰਗੀ ਹੈ। ਵਿਧਾਇਕ ਸ਼ੈਰੀ ਕਲਸੀ ਅੱਜ ਸ਼ਹਿਰ ਦੇ ਮੋਹਤਬਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਜਾਇਜਾ ਲੈ ਰਹੇ ਸਨ।

ਸ਼ਹਿਰ ਦੇ ਸਿਵਲ ਹਸਪਤਾਲ ਰੋਡ ਅਤੇ ਹਜ਼ੀਰਾ ਪਾਰਕ ਵਾਲੀ ਰੋਡ ’ਤੇ ਬਿਨਾਂ ਲਾਈਟਾਂ ਵਾਲੇ ਪੋਲਾਂ ਸਬੰਧੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਜਨਤਾ ਦੇ ਪੈਸੇ ਦੀ ਕਿਵੇਂ ਦੁਰਵਰਤੋਂ ਕੀਤੀ ਜਾਂਦੀ ਰਹੀ ਹੈ, ਉਸਦੀ ਪ੍ਰਤੱਖ ਉਦਾਹਰਨ ਏਥੇ ਦੇਖੀ ਜਾ ਸਕਦੀ ਹੈ। ਉਨ੍ਹਾਂ ਮੀਡੀਆ ਨੂੰ ਬਿਨ੍ਹਾਂ ਲਾਈਟਾਂ ਦੇ ਸਟਰੀਟ ਪੋਲ ਦਿਖਾਉਂਦਿਆਂ ਕਿਹਾ ਕਿ ਬੀਤੇੇ ਸਮੇਂ ਦੌਰਾਨ ਜਦੋਂ ਸਟਰੀਟ ਲਾਈਟ ਦੇ ਬਲਬ ਖਰਾਬ ਹੋ ਜਾਂਦੇ ਰਹੇ ਤਾਂ ਪਿਛਲੇ ਹੁਕਮਰਾਨਾਂ ਨੇ 400-500 ਰੁਪਏ ਦਾ ਬਦਲਣ ਦੀ ਥਾਂ 15000 ਰੁਪਏ ਪ੍ਰਤੀ ਪੋਲ ਖਰਚ ਕੇ ਓਥੇ ਨਾਲ ਹੀ ਨਵੇਂ ਸਟਰੀਟ ਲਾਈਟ ਦੇ ਪੋਲ ਲਗਾ ਕੇ ਸਰਕਾਰੀ ਪੈਸੇ ਨੂੰ ਲੁਟਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ’ਤੇ ਇੱਕ ਹੀ ਥਾਂ ’ਤੇ ਅਜਿਹਾ ਚਾਰ-ਚਾਰ ਵਾਰ ਕੀਤਾ ਗਿਆ ਜਿਸ ਕਾਰਨ ਹੁਣ ਇਨ੍ਹਾਂ ਸੜਕਾਂ ’ਤੇ ਹਰ ਪੁਆਇੰਟ ’ਤੇ ਸਟਰੀਟ ਲਾਈਟ ਦੇ ਚਾਰ-ਚਾਰ ਖਾਲੀ ਪੋਲ ਤਾਂ ਹਨ ਪਰ ਲਾਈਟ ਕਿਸੇ ’ਤੇ ਵੀ ਨਹੀਂ ਜਗਦੀ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਹ ਸਾਰੇ ਪੋਲ ਬਿਲਕੁਲ ਠੀਕ ਹਾਲਤ ਵਿੱਚ ਹਨ ਬੱਸ ਇਨ੍ਹਾਂ ਨੂੰ ਰੰਗ-ਰੋਗਨ ਕਰਕੇ ਬਿਜਲੀ ਦੇ ਬਲਬ ਲਗਾਉਣ ਦੀ ਲੋੜ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੜਕਾਂ ’ਤੇ ਵਾਧੂ ਸਟਰੀਟ ਲਾਈਟਾਂ ਦੇ ਪੋਲਾਂ ਨੂੰ ਪੁੱਟ ਕੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਜਿਥੇ ਸਟਰੀਟ ਲਾਈਟਾਂ ਦੀ ਲੋੜ ਹੈ ਓਥੇ ਲਗਾਇਆ ਜਾਵੇ। ਇਸ ਨਾਲ ਸਰਕਾਰ ਦੇ ਪੈਸੇ ਦੀ ਵੀ ਬਚਤ ਹੋਵੇਗੀ ਅਤੇ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦੀਆਂ ਲਾਈਟਾਂ ਦਾ ਵਿਸ਼ੇਸ਼ ਸਰਵਾ ਕੀਤਾ ਜਾਵੇ ਅਤੇ ਹਰ ਸਟਰੀਟ ਲਾਈਟ ਦੇ ਪੋਲ ਦੀ ਨੰਬਰਿੰਗ ਕਰਕੇ ਖਰਾਬ ਲਾਈਟਾਂ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਤੋਂ ਪਹਿਲਾਂ ਹਰ ਹਾਲਤ ਵਿੱਚ ਸ਼ਹਿਰ ਨੂੰ ਹਨੇਰੇ ’ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਟਰੀਟ ਲਾਈਟਾਂ ਸਬੰਧੀ ਰੀਪੋਰਟ ਉਨ੍ਹਾਂ ਕੋਲ ਪੇਸ਼ ਕਰਨ।

ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ, ਨਗਰ ਨਿਗਮ ਬਟਾਲਾ ਦੇ ਐੱਸ.ਡੀ.ਓ. ਰਵਿਦਰ ਸਿੰਘ ਕਲਸੀ, ਸੁਪਰਡੈਂਟ ਨਿਰਮਲ ਸਿੰਘ, ਜੇ.ਈ. ਉੱਪਲ, ਮਨਜੀਤ ਸਿੰਘ, ਮਨੀ, ਅੱਪੂ ਸੂਰੀ, ਭਰਤ ਅਗਰਵਾਲ, ਹਨੀ ਚੌਹਾਨ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ, ਬਲਜੀਤ ਸਿੰਘ ਨਿੱਕੂ ਹੰਸਪਾਲ ਵੀ ਮੌਜੂਦ ਸਨ।  

Written By
The Punjab Wire