ਪਿੰਡ ਭਗਵਾਂ ਵਾਸੀ ਬਜੂਰਗ ਨੇ ਆਨਲਾਈਨ ਵਟਸਐਪ ਠੱਗੀ ਦਾ ਸ਼ਿਕਾਰ ਹੋ ਗਵਾਏ 4 ਲੱਖ 80 ਹਜ਼ਾਰ ਰੁਪਏ
ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ
ਗੁਰਦਾਸਪੁਰ, 14 ਜੁਲਾਈ (ਦਿਨੇਸ਼ ਕੁਮਾਰ)। ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਆਨਲਾਈਨ ਵਟਸਐਪ ਕਾਲ ਰਾਹੀਂ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਆਏ ਦਿਨ ਕੋਈ ਨਾ ਕੋਈ ਵਿਅਕਤੀ ਇਹਨਾਂ ਜਾਲਸਾਜ਼ਾ ਦੇ ਚੁੰਗਲ ਅੰਦਰ ਫੱਸ ਕੇ ਲੱਖਾਂ ਰੁਪਏ ਦੀ ਠਗੀ ਦਾ ਸ਼ਿਕਾਰ ਹੋ ਰਿਹਾ ਹੈ। ਕਲਾਨੌਰ ਨਾਲ ਸਬੰਧਤ ਪਿੰਡ ਭਗਵਾਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਕਲਾਨੌਰ ਪੁਲੀਸ ਨੇ ਇਸ ਮਾਮਲੇ ਸਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ‘ਦ ਪੰਜਾਬ ਵਾਇਰ’ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਵਿਅਕਤੀ ਨਰਿੰਦਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਪਿੰਡ ਭਗਵਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਇਕ ਵਿਅਕਤੀ ਨੇ ਵਟਸਐਪ ‘ਤੇ ਫ਼ੋਨ ਕਰਕੇ ਕਿਹਾ ਕਿ ਉਹ ਉਸ ਦੇ ਮਾਮੇ ਦਾ ਲੜਕਾ ਬੀਰਾ ਕੈਨੇਡਾ ਤੋਂ ਬੋਲ ਰਿਹਾ ਹੈ ਅਤੇ ਕੁਝ ਦਿਨ ਬਾਅਦ ਮੈਂ ਪੰਜਾਬ ਆ ਰਿਹਾ ਹਾਂ। ਮੈਂ ਤੁਹਾਡੇ ਖਾਤੇ ਵਿੱਚ 14 ਲੱਖ 70 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ ਹਨ, ਜਿਸ ਦੀ ਰਸੀਦ ਤੁਹਾਨੂੰ ਭੇਜੀ ਜਾ ਰਹੀ ਹੈ ਅਤੇ ਮੈਂ ਪਿੰਡ ਆ ਕੇ ਤੁਹਾਡੇ ਕੋਲੋਂ ਇਹ ਪੈਸੇ ਲੈ ਲਵਾਂਗਾ। ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਉਕਤ ਵਿਅਕਤੀ ਦਾ ਇਕ ਘੰਟੇ ਬਾਅਦ ਦੁਬਾਰਾ ਫੋਨ ਆਇਆ ਤਾਂ ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਆ ਰਿਹਾ ਹੈ, ਜਿਸ ਲਈ ਉਸ ਨੇ ਟਿਕਟ ਬੁੱਕ ਕਰਵਾਉਣੀ ਹੈ, ਇਸ ਲਈ ਤੁਸੀਂ ਇਕ ਲੱਖ ਰੁਪਏ ਮੇਰੇ ਏਜੰਟ ਕੋਲ ਜਮ੍ਹਾਂ ਕਰਵਾ ਦਿਓ। ਅਗਲੇ ਹੀ ਦਿਨ ਦਿੱਲੀ ਤੋਂ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਹ ਬੀਰਾ ਦੇ ਏਜੰਟ ਤੋਂ ਬੋਲ ਰਿਹਾ ਹੈ, ਉਸ ਨੇ ਬੀਰੇ ਦੀ ਟਿਕਟ ਲੈਣੀ ਹੈ, ਇਸ ਲਈ ਉਸ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿਓ। ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਨੂੰ ਦੋ-ਤਿੰਨ ਦਿਨ ਫੋਨ ਆਉਂਦੇ ਰਹੇ, ਜਿਸ ‘ਤੇ ਉਸ ਨੇ ਫੋਨ ਕਰਨ ਵਾਲਿਆਂ ਦੇ ਖਾਤਿਆਂ ‘ਚ 4 ਲੱਖ 80 ਹਜ਼ਾਰ ਰੁਪਏ ਪਾ ਦਿੱਤੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਤਾਂ ਉਸ ਵਲੋਂ ਬੀਰੇ ਨੂੰ ਕੈਨੇਡਾ ਫੋਨ ਕੀਤਾ ਗਿਆ, ਜਿਸ ‘ਤੇ ਬੀਰੇ ਨੇ ਕਿਹਾ ਕਿ ਉਸ ਨੇ ਕੋਈ ਕਾਲ ਨਹੀਂ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।