ਪੇਡ ਸਾਈਟ ਕਿਰਾਏ ’ਤੇ ਲੈ ਕੇ ਹੀ ਲਗਾਏ ਜਾਣ ਹੋਰਡਿੰਗਜ਼ ਤੇ ਇਸ਼ਤਿਹਾਰ – ਕਮਿਸ਼ਨਰ ਨਗਰ ਨਿਗਮ
ਬਟਾਲਾ, 13 ਜੁਲਾਈ (ਮੰਨਣ ਸੈਣੀ ) । ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਉਣ ਦੀ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ। ਨਗਰ ਨਿਗਮ ਦੀ ਵਿਸ਼ੇਸ਼ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਸੁਪਰਡੈਂਟ ਨਿਰਮਲ ਸਿੰਘ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਜਲੰਧਰ ਰੋਡ ਉੱਪਰ ਨਜਾਇਜ ਤੌਰ ’ਤੇ ਲੱਗੇ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਉਤਾਰੇ ਜਾ ਰਹੇ ਹਨ। ਸ਼ਹਿਰ ਵਾਸੀਆਂ ਵੱਲੋਂ ਨਗਰ ਨਿਗਮ ਦੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਜਾ ਰਹੀ ਹੈ।
ਇਸ ਬਾਰੇ ਗੱਲ ਕਰਦਿਆਂ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਇਸ਼ਤਿਹਾਰ ਅਤੇ ਹੋਰਡਿੰਗਜ਼ ਕੇਵਲ ਨਿਰਧਾਰਤ ਥਾਵਾਂ ਜਾਂ ਯੂਨੀਪੋਲ ਉੱਪਰ ਹੀ ਲਗਾਏ ਜਾ ਸਕਦੇ ਹਨ। ਇਸਤੋਂ ਇਲਾਵਾ ਸੜਕਾਂ ਦੇ ਡਿਵਾਇਡਰਾਂ, ਕੰਧਾਂ, ਬਿਜਲੀ ਤੇ ਸਟਰੀਟ ਲਾਈਟਾਂ ਦੇ ਪੋਲਾਂ, ਰੁੱਖਾਂ ਆਦਿ ਨਾਲ ਇਸ਼ਤਿਹਾਰ, ਹੋਰਡਿੰਗਜ਼ ਲਗਾਉਣੇ ਗੈਰ-ਕਾਨੂੰਨੀ ਹਨ। ਉਨਾਂ ਕਿਹਾ ਕਿ ਥਾਂ-ਥਾਂ ਇਸ਼ਤਿਹਾਰ ਲੱਗਣ ਨਾਲ ਸ਼ਹਿਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ, ਜਿਸ ਕਾਰਨ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਇਹ ਗੈਰ-ਕਾਨੂੰਨੀ ਤੌਰ ’ਤੇ ਲੱਗੇ ਇਸ਼ਤਿਹਾਰ/ਹੋਰਡਿੰਗਜ਼ ਹਟਾਏ ਜਾ ਰਹੇ ਹਨ। ਇਸਦੇ ਨਾਲ ਹੀ ਅਣਧਿਕਾਰਤ ਤੌਰ ’ਤੇ ਇਸ਼ਤਿਹਾਰ/ਹੋਰਡਿੰਗਜ਼ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਕਮਿਸ਼ਨਰ ਸ਼੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਹੋਰਡਿੰਗਜ਼ ਲਗਾਉਣਾ ਚਾਹੁੰਦਾ ਹੈ ਤਾਂ ਉਹ ਨਗਰ ਨਿਗਮ ਦਫ਼ਤਰ ਪਹੁੰਚ ਕੇ ਪੇਡ ਸਾਈਟ ਕਿਰਾਏ ’ਤੇ ਲੈ ਸਕਦਾ ਹੈ। ਉਨਾਂ ਕਿਹਾ ਕਿ ਪੇਡ ਸਾਈਟ ਤੋਂ ਬਿਨਾਂ ਲੱਗੇ ਹਰ ਹੋਰਡਿੰਗਜ਼/ਇਸ਼ਤਿਹਾਰ ਨੂੰ ਹਟਾਉਣ ਦੇ ਨਾਲ ਉਸ ਨੂੰ ਲਗਾਉਣ ਵਾਲੇ ਵਿਅਕਤੀ ਨੂੰ ਜੁਰਮਾਨਾ ਕਰਨ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।