ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਨਾਲ ਈਦ ਮਨਾਈ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਨਾਲ ਈਦ ਮਨਾਈ
  • PublishedJuly 10, 2022

ਡਾ. ਬਲਜੀਤ ਕੌਰ ਨੇ ਬਹਿਸ਼ਤੀ ਮਕਬਰੇ, ਮਸਜਿਦ ਮੁਬਾਰਕ ਅਤੇ ਮਸਜਿਦ ਅਕਸ਼ਾ ਦੇ ਦਰਸ਼ਨ ਵੀ ਕੀਤੇ

ਸਾਰੇ ਹੀ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ, ਜਿਨ੍ਹਾਂ ’ਤੇ ਚੱਲਣ ਦੀ ਲੋੜ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਬਟਾਲਾ, 10 ਜੁਲਾਈ (  ਮੰਨਣ ਸੈਣੀ) । ਅਹਿਮਦੀਆ ਜਮਾਤ ਦੇ ਅੰਤਰਰਾਸ਼ਟਰੀ ਸਦਰ ਮੁਕਾਮ ਕਾਦੀਆਂ ਵਿਖੇ ਅੱਜ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਜੁਹਾ ਦਾ ਤਿਊਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਦੀਆਂ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਡਾ. ਬਲਜੀਤ ਕੌਰ, ਸਮਾਜਿਕ ਨਿਆਂ, ਅਧਿਕਾਰਤਾ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ, ਪੰਜਾਬ ਸਰਕਾਰ ਵਿਸ਼ੇਸ਼ ਤੌਰ ’ਤੇ ਕਾਦੀਆਂ ਵਿਖੇ ਈਦ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਅਹਿਮਦੀਆ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਈਦ-ਉਲ-ਜੁਹਾ ਦਾ ਤਿਉਹਾਰ ਰੱਬ ਦੀ ਰਜ਼ਾ ਲਈ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਹੀ ਸਰਬ-ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ ਅਤੇ ਹਰ ਧਰਮ ਦੇ ਤਿਉਹਾਰ ਰਲ ਕੇ ਮਨਾਉਣੇ ਸਾਡੀ ਪ੍ਰੰਪਰਾ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਵਚਨਬੱਧ ਹੈ।

ਇਸ ਮੌਕੇ ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਜਨਾਬ ਮੁਹੰਮਦ ਇਨਾਮ ਗੌਰੀ ਨੇ ਈਦ-ਉਲ-ਜੁਹਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਪਿਆਰ ਸਭਨਾ ਨਾਲ, ਨਫ਼ਰਤ ਕਿਸੇ ਨਾਲ ਨਹੀਂ’ ਅਹਿਮਦੀਆ ਜਮਾਤ ਦਾ ਨਾਅਰਾ ਹੈ ਅਤੇ ਜਮਾਤ ਵੱਲੋਂ ਇਸਦੀ ਪੂਰੀ ਤਰਾਂ ਪਾਲਣਾ ਕੀਤੀ ਜਾਂਦੀ ਹੈ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਹਿਸ਼ਤੀ ਮਕਬਰੇ, ਮਸਜਿਦ ਮੁਬਾਰਕ ਅਤੇ ਮਸਜਿਦ ਅਕਸ਼ਾ ਦੇ ਦਰਸ਼ਨ ਕੀਤੇ ਅਤੇ ਅਹਿਮਦੀਆ ਭਾਈਚਾਰੇ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਜਨਾਬ ਮੁਹੰਮਦ ਇਨਾਮ ਗੌਰੀ,  ਹਾਫ਼ਿਜ਼ ਮਕਦੂਮ ਸ਼ਰੀਫ ਐਡੀਸ਼ਨਲ ਚੀਫ ਸੈਕਟਰੀ, ਚੌਧਰੀ ਅਬਦੁਲ ਵਾਸੇ ਡਿਪਟੀ ਸੈਕਟਰੀ, ਮੌਲਾਨਾ ਫ਼ਜ਼ਲੁਰ ਰਹਿਮਾਨ ਭੱਟੀ ਸੈਕਟਰੀ, ਤਾਰਿਕ ਅਹਿਮਦ ਖਾਨ ਚੇਅਰਮੈਨ ਕਾਦੀਆਂ ਵੈਲਫੇਅਰ ਕਲੱਬ, ਮੁਹੰਮਦ ਨਸੀਮ ਖਾਨ ਸੈਕਟਰੀ, ਮੁਹੰਮਦ ਅਹਸਨ, ਮੌਹਤਰਮਾ ਸ਼ਾਹਿਲਾ ਕਾਦਰੀ ਧਰਮ ਪਤਨੀ ਜਨਾਬ ਮੁਹੰਮਦ ਇਸ਼ਫ਼ਾਕ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।

Written By
The Punjab Wire