ਗੁਰਦਾਸਪੁਰ, 7 ਜੁਲਾਈ( ਮੰਨਣ ਸੈਣੀ)। ਮਾਲ ਅਧਿਕਾਰੀਆਂ ਵਲੋਂ ਸੂਬੇ ਭਰ ‘ਚ ਰਜਿਸਟ੍ਰੇਸ਼ਨ ਦਾ ਕੰਮ 11 ਜੁਲਾਈ ਤੋਂ ਠੱਪ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮਾਲ ਅਧਿਕਾਰੀਆਂ ਵਲੋਂ ਸਬ-ਰਜਿਸਟਰਾਰ ਦੀ ਮੁਅੱਤਲੀ ਦੇ ਮਾਮਲੇ ਨੂੰ ਲੈ ਕੇ ਸੂਬੇ ਭਰ ਵਿਚ ਹੜਤਾਲ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਚਾਰਜਸ਼ੀਟ ਕਰ ਦਿੱਤਾ ਸੀ।
ਉੱਚ ਅਧਿਕਾਰੀਆਂ ਵਲੋਂ ਪ੍ਰਧਾਨ ਗੁਰਦੇਵ ਸਿੰਘ ਧੰਮ ਉੱਪਰ ਗੰਭੀਰ ਦੋਸ਼ ਵੀ ਲਗਾਏ ਸਨ। ਇਸ ਮਾਮਲੇ ਨੂੰ ਲੈ ਕੇ ਮਾਲ ਅਧਿਕਾਰੀਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਸੂਬੇ ਭਰ ‘ਚ ਸੋਮਵਾਰ ਤੋਂ ਵਾਧੂ ਚਾਰਜ ਅਤੇ ਰਜਿਸਟ੍ਰੇਸ਼ਨ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਪੰਜਾਬ ਰੈਵਿਨਯੂ ਆਫਿਸਰਜ਼ ਐਸੋਸਿਏਸ਼ਨ ਦੇ ਜਨਰਲ ਸਕੱਤਰ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਤਹਿਸੀਲਦਾਰ ਜਗਤਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਲਛਮਨ ਸਿੰਘ ਨੇ ਦੱਸਿਆ ਕਿ ਐਸੋਸਿਏਸ਼ਨ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਜਿਸ ਵਿੱਚ ਮਾਲ ਵਿਭਾਗ ਨੂੰ ਨੋਟਿਸ ਜਾਰੀ ਕਰ 11 ਜੁਲਾਈ ਤੱਕ ਮਾਲ ਵਿਭਾਗ ਦੇ ਸਸਪੈਂਡ ਕੀਤੇ ਗਏ ਅਧਿਕਾਰੀਆਂ ਨੂੰ ਬਹਾਲ ਕੀਤੀ ਜਾਵੇ, ਉਹਨਾਂ ਸਮੇਤ ਮਾਲ ਅਧਿਕਾਰੀਆਂ ਦੀ ਬਿਨ੍ਹਾਂ ਵਜਾ ਰਿਜੈਸਟ ਕੀਤੀ ਐਕਸ ਇੰਡੀਆ ਲੀਵ ਨੂੰ ਮੰਜੂਰ ਕੀਤਾ ਜਾਵੇਂ ਅਤੇ ਪ੍ਰਧਾਨ ਗਰਦੇਵ ਸਿੰਘ ਧੰਮ ਨੂੰ ਨਾਜ਼ਾਇਜ ਜਾਰੀ ਕੀਤੀ ਗਈ ਚਾਰਜਸ਼ੀਟ ਵਾਪਸ ਲੈਣ ਸੰਬੰਧੀ ਕਿਹਾ ਗਿਆ ਹੈ।
ਜੇਕਰ ਸੋਮਵਾਰ 11 ਜੁਲਾਈ ਤੱਕ ਇਹ ਫੈਸਲੇ ਨਹੀਂ ਕੀਤੇ ਜਾਂਦੇ ਤਾਂ ਸੋਮਵਾਰ ਤੋਂ ਸਾਰੇ ਮਾਲ ਅਧਿਕਾਰੀ ਰਜਿਸਟਰੇਸ਼ਨ ਦਾ ਕੰਮ ਅਤੇ ਵਾਧੂ ਸਰਕਲਾਂ ਦਾ ਕੰਮ ਨਹੀਂ ਕਰਨਗੇ। ਕੋਈ ਵੀ ਮਾਲ ਅਫਸ਼ਰ ਡਿਉਟੀ ਮੈਜਿਸਟਰੇਟ ਦੀ ਡਿਉਟੀ ਨਹੀਂ ਕਰੇਗਾ ਅਤੇ ਕੋਈ ਵੀ ਮਾਲ ਅਧਿਕਾਰੀ ਸ਼ਨੀਵਾਰ, ਐਤਵਾਰ ਨੂੰ ਕਿਸੇ ਤਰਾਂ ਦੀ ਮੀਟਿੰਗ ਵੀ ਅਟੈਂਡ ਨਹੀਂ ਕਰੇਗਾ।