ਨਗਰ ਕੌਂਸਲ ਦੇ ਪ੍ਰਧਾਨ ਨੇ ਲਗਾਇਆ ਦੋਸ਼, ਬਿਜਲੀ ਕੁਨੈਕਸ਼ਨ ਕੱਟ ਕੇ ਮੁੜ ਕੀਤਾ ਉਦਘਾਟਨ
ਗੁਰਦਾਸਪੁਰ, 30 ਜੂਨ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਆਪਣਾ ਨਾਮ ਦੇ ਕੇ ਉਦਘਾਟਨ ਕੀਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਨਗਰ ਕੌਂਸਲ ਵਿੱਚ ਸ਼ਾਮਲ ਹੋਏ ਪਿੰਡ ਔਜਲਾ ਕਲੋਨੀ, ਕੋਠੇ ਅਤੇ ਘਰਾਲਾ ਨੂੰ ਬਿਜਲੀ ਸਪਲਾਈ ਨਾਲ ਜੋੜਨ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕਰਕੇ ਝੂਠਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸ਼ਹਿਰ ਅਤੇ ਉਕਤ ਇਲਾਕੇ ਦੇ ਲੋਕ ਸੱਚਾਈ ਜਾਣਦੇ ਹਨ। ਇਹ ਦੋਸ਼ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਲੋਂ ਜਾਰੀ ਪ੍ਰੈਸ ਬਿਆਨ ਜਰੀਏ ਲਗਾਏ ਗਏ।
ਐਡਵੋਕੇਟ ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਉਪਰੋਕਤ ਸਾਰੇ ਪਿੰਡ ਸ਼ਹਿਰ ਨਾਲ ਜੋੜ ਦਿੱਤੇ ਗਏ ਸਨ। ਜਿਸ ਉਪਰੰਤ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਉਕਤ ਪਿੰਡਾਂ ਵਿੱਚ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਨਾਲ ਜੋੜਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਧਾਇਕ ਪਾਹੜਾ ਦੇ ਯਤਨਾਂ ਸਦਕਾ ਉਕਤ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਸ਼ਹਿਰ ਨਾਲ ਜੋੜਨ ਲਈ 7 ਲੱਖ 96 ਹਜ਼ਾਰ 888 ਰੁਪਏ ਦਾ ਐਸਟੀਮੇਟ ਪਾਸ ਕੀਤਾ ਗਿਆ ਸੀ।
ਐਡਵੋਕੇਟ ਪਾਹੜਾ ਨੇ ਦੱਸਿਆ ਕਿ ਉਪਰੋਕਤ ਐਸਟੀਮੇਟ ਨੰਬਰ 11300378 ਜੋਕਿ 3 ਦਸੰਬਰ 2021 ਨੂੰ ਪਾਸ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਸੀ ਅਤੇ ਉਕਤ ਕੰਮ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਮੁਕੰਮਲ ਕਰ ਲਿਆ ਗਿਆ ਸੀ। ਹਾਲਾਂਕਿ ਬਾਅਦ ‘ਚ ਚੋਣਾਂ ਹੋਣ ਕਾਰਨ ਉਦਘਾਟਨ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਕੰਮ ਮੁਕੰਮਲ ਹੋਣ ਤੋਂ ਬਾਅਦ ਵਿਭਾਗ ਵੱਲੋਂ 23 ਜੂਨ ਨੂੰ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ ਪਰ ਹੁਣ ਉਕਤ ਕੁਨੈਕਸ਼ਨ ਕੱਟ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੁੜ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ਦਾ ਉਦਘਾਟਨ ਕਰਨ ਵਾਲੇ ‘ਆਪ’ ਆਗੂ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਤਾਕਤ ਦੀ ਗਲਤ ਵਰਤੋਂ ਕਰਕੇ ਅਜਿਹੇ ਕੰਮ ਕੀਤੇ ਜਾ ਰਹੇ ਹਨ ਜੋ ਲੋਕਤੰਤਰ ਦਾ ਸ਼ਰੇਆਮ ਕਤਲ ਹੈ।