ਚੰਡੀਗੜ੍ਹ, 23 ਜੂਨ ( ਦ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਵਿੱਚ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. ਅਤੇ ਹੋਰ ਬਾਕੀ ਮਾਰਕ ਦਾ ਹਿੱਸਾ ਦਰਸਾਏ ਮਾਪਦੰਡ ‘ਤੇ ਪੂਰਾ ਨਹੀਂ ਢੁੱਕਦੇ ਅਜਿਹੇ ਸਾਰੇ ਵਾਹਨਾਂ ਦੇ ਚਲਾਣ ਅਤੇ ਜ਼ਬਤ ਕਰਨ ਦਾ ਹੁਕਮ ਦਿੱਤੇ ਹਨ। ਇਹ ਹੁਕਮ 12-06-1989 ਤੋਂ ਬਾਅਦ ਰਜਿਸਟ੍ਰੇਸ਼ਨ ਅਥਾਰਟੀ ਕੋਲ ਰਜਿਸਟਿਡ ਕਰਵਾਏ ਗਏ ਸਾਰੇ ਵਾਹਨਾਂ ‘ਤੇ ਲਾਗੂ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਐਕਟ ਦੀ ਉਲੰਘਣਾ ਕਰਕੇ ਦਿੱਤੇ ਗਏ ਇਹਨਾਂ ਫੈਂਸੀ, ਅਣ-ਅਧਿਕਾਰਤ ਨੰਬਰਾਂ ਨੂੰ ਜਨਤਕ ਨੋਟਿਸ 30-12-2020 ਰਾਹੀਂ ਗੈਰ-ਕਾਨੂੰਨੀ ਮੰਨਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਹਨਾਂ ਫੈਂਸੀ ਨੰਬਰਾਂ ਨੂੰ ਤੁਰੰਤ ‘ਵਾਹਨ’ ਵੈਬਸਾਈਟ ‘ਤੇ ਵੀ ਬਲਾਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਪੰਜਾਬ ਰਾਜ ਦੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਏ ਗਏ ਉਕਤ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਹਨਾਂ ਵਾਹਨ ਚਾਲਕਾਂ ਵੱਲੋਂ ਪੁਰਾਣੇ ਫੈਂਸੀ ਨੰਬਰ ਲਗਾਏ ਗਏ ਸਨ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਪੰਜਾਬ ਮੋਟਰ ਵਹੀਕਲ 1989 ਦੇ ਨਿਯਮ 42-ਏ ਤਹਿਤ ਜਾਰੀ ਨੋਟੀਫਿਕੇਸ਼ਨ ਨੰਬਰ 10/51/2017/1ਟੀ2/1365 ਮਿਤੀ 10-12-2020 ਅਨੁਸਾਰ ਨਵੇਂ ਫੈਂਸੀ ਨੰਬਰ ਲੈ ਸਕਦੇ ਹਨ ਪਰੰਤੂ ਇਹ ਨੰਬਰ ਲੈਣ ਲਈ ਮੋਟਰ ਵਹੀਕਲ 1988 ਅਧੀਨ ਸਬੰਧਤ ਵਾਹਨ ਧਾਰਾ 39, 41 (6) ਅਤੇ 217 (ਡੀ) ਮੋਟਰ ਵਹੀਕਲ ਐਕਟ ਦੇ ਅਧੀਨ ਖਰੇ ਉਤਰਦੇ ਹੋਣ।
ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਾਰੇ ਆਰਟੀਏਜ਼ ਨੂੰ ਹਦਾਇਤ ਕੀਤੀ ਕਿ ਉਹ ਵਿਸ਼ੇਸ਼ ਨਾਕੇ ਲਗਾ ਕੇ ਅਜਿਹੇ ਸਾਰੇ ਵਾਹਨਾਂ ਦੇ ਚਲਾਣ ਕੀਤੇ ਜਾਣ ਅਤੇ ਇਹਨਾਂ ਵਾਹਨਾਂ ਨੂੰ ਜ਼ਬਤ ਕਰਨ ਜੋ ਕਿ ਨਿਯਮਾਂ ਦੇ ਉਲਟ ਜਾ ਕੇ ਅਜੇ ਵੀ ਪੁਰਾਣੇ ਫੈਂਸੀ ਨੰਬਰ ਲਗਾ ਕੇ ਵਾਹਨ ਚਲਾ ਰਹੇ ਹਨ।