ਸੜਕਾਂ ਕਿਨਾਰੇ ਨਜਾਇਜ ਕਬਜ਼ੇ ਹਟਾਉਣ ਲਈ ਨਗਰ ਨਿਗਮ ਬਟਾਲਾ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ
ਸਿਟੀ ਰੋਡ ਤੋਂ ਨਜਾਇਜ ਕਬਜ਼ੇ ਹਟਾਉਣ ਦੇ ਨਾਲ ਸਮਾਨ ਬਾਹਰ ਰੱਖਣ ਵਾਲੇ ਦੁਕਾਨਦਾਰਾਂ ਨੂੰ ਕੀਤੇ ਜੁਰਮਾਨੇ
ਬਟਾਲਾ, 23 ਜੂਨ ( ਮੰਨਣ ਸੈਣੀ ) । ਕਮਿਸ਼ਨਰ ਨਗਰ ਨਿਗਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਸ਼ਹਿਰ ਵਿੱਚ ਨਜਾਇਜ ਕਬਜ਼ੇ ਹਟਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਨਗਰ ਨਿਗਮ ਦੇ ਸੁਪਰਡੈਂਟ ਨਿਰਮਲ ਸਿੰਘ ਦੀ ਅਗਵਾਈ ਹੇਠ ਨਿਗਮ ਦੀ ਟੀਮ ਅਤੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਸਿਟੀ ਰੋਡ ਤੋਂ ਨਜਾਇਜ ਕਬਜ਼ੇ ਹਟਾਏ ਗਏ ਹਨ। ਨਿਗਮ ਦੇ ਕਰਮਚਾਰੀਆਂ ਨੇ ਨਹਿਰੂ ਗੇਟ ਦੇ ਬਾਹਰਵਾਰ ਆਵਾਜਾਈ ਵਿੱਚ ਰੁਕਾਵਟ ਪਾ ਰਹੀਆਂ ਰੇਹੜੀਆਂ ਨੂੰ ਹਟਾਇਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਾਂ ਤੋਂ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ।
ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਸੜਕਾਂ ਵਿੱਚ ਨਜਾਇਜ ਕਬਜ਼ੇ ਕਰਨ ਕਰਕੇ ਰਾਹਗੀਰਾਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਨਗਰ ਨਿਗਮ ਨੇ ਕਬਜ਼ੇ ਹਟਾਉਣ ਦੀ ਵਿਸ਼ੇਸ਼ ਮੁਹਿੰਮ ਅਰੰਭ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਦੀ ਟੀਮ ਵੱਲੋਂ ਸਿਟੀ ਰੋਡ ਤੋਂ ਕੁਝ ਕਬਜ਼ੇ ਹਟਾਏ ਗਏ ਹਨ ਅਤੇ ਨਾਲ ਹੀ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰ ਆਪਣੀ ਦੁਕਾਨ ਅੱਗੇ 10-10 ਫੁੱਟ ਤੱਕ ਸਮਾਨ ਸੜਕ ’ਤੇ ਰੱਖ ਕੇ ਰਸਤਾ ਤੰਗ ਕਰ ਦਿੰਦੇ ਹਨ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਆਉਂਦੀ ਹੈ। ਇਸਦੇ ਇਲਾਵਾ ਕੁਝ ਵਿਅਕਤੀਆਂ ਨੇ ਅਣ-ਅਧਿਕਾਰਤ ਤੌਰ ’ਤੇ ਸੜਕਾਂ ਕਿਨਾਰੇ ਖੋਖੇ ਤੇ ਰੇਹੜੀਆਂ ਲਗਾ ਲਈਆਂ ਹਨ ਜੋ ਕਿ ਆਵਾਜਾਈ ਵਿੱਚ ਰੁਕਾਵਟ ਪਾ ਕੇ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਗੈਰ-ਕਾਨੂੰਨੀ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀਮਤੀ ਭੰਡਾਰੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖਰੀਦਦਾਰੀ ਕਰਨ ਮੌਕੇ ਆਪਣੇ ਵਾਹਨਾਂ ਨੂੰ ਸਹੀ ਢੰਗ ਨਾਲ ਢੁਕਵੇਂ ਥਾਂ ’ਤੇ ਪਾਰਕ ਕਰਨ ਤਾਂ ਜੋ ਟਰੈਫਿਕ ਜਾਮ ਨਾ ਲੱਗਣ।