ਜ਼ਿਲ੍ਹਾ ਵਾਸੀ ਆਨ-ਲਾਈਨ ਜੂਮ ਐਪ ਰਾਹੀਂ ਆਪਣੀ ਮੁਸ਼ਕਿਲ/ਸਮੱਸਿਆ ਹੱਲ ਕਰਵਾ ਸਕਦੇ ਹਨ-ਡਿਪਟੀ ਕਮਿਸ਼ਨਰ
ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ
ਗੁਰਦਾਸਪੁਰ, 22 ਜੂਨ ( ਮੰਨਣ ਸੈਣੀ )। ਅਖੀਰ ਕਾਰ ਤਿਬੜੀ ਰੋਡ ਗੁਰਦਾਸਪੁਰ ਤੇ ਬਣ ਰਹੇ ਅੰਡਰ ਬ੍ਰਿਜ਼ ਦਾ ਕੰਮ ਜਲਦੀ ਹੋਣ ਦੀ ਆਸ ਜਾਗੀ ਹੈ। ਇਸ ਸੰਬੰਧੀ ਲੋਕਾਂ ਦੀ ਆਵਾਜ਼ ਸੁਣਦੇਂ ਹੋਏ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਅੰਡਰ ਬ੍ਰਿਜ਼ ਦੇ ਨਿਰਮਾਨ ਕਾਰਜ਼ ਦਾ ਕੰਮ ਹੋਲੀ ਚਲਣ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸਿਅਨ ਤੋਂ ਜਵਾਬ ਮੰਗਿਆ ਹੈ। ਲੋਕਾਂ ਨੂੰ ਪੇਸ਼ ਆ ਰਹੀ ਇਸ ਸਮਸਿਆਂ ਸੰਬੰਧੀ ਦ ਪੰਜਾਬ ਵਾਇਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਹ ਸ਼ਿਕਾਇਤ ਉਨ੍ਹਾਂ ਦੀ ਨਿਰੰਤਰ ਲੱਗ ਰਹੀ ਆਨਲਾਈਨ ਕਚਿਹਰੀ ਅੰਦਰ ਜੂਮ ਮੀਟਿੰਗ ਦੇ ਜਰਿਏ ਸੁਣਾਈ ਗਈ ਸੀ ਅਤੇ ਸ਼ਿਕਾਇਤ ਵਟਸਐਪ ਨੰਬਰ ਤੇ ਭੇਜੀ ਗਈ ਸੀ। ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਤਤਕਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਪਿਛਲੇ ਕਰੀਬ ਕਈ ਸਾਲਾਂ ਤੋਂ ਇਸ ਰੋਡ ਤੇ ਨਿਰਮਾਨ ਕਾਰਜ਼ ਹੋਣ ਕਾਰਨ ਉਸ ਰੋਡ ਤੇ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕੰਮ ਠੱਪ ਹੋ ਚੁੱਕਾ ਹੈ। ਇਹ ਰੋਡ ਬੰਦ ਹੋ ਜਾਣ ਨਾਲ ਲੋਕਾਂ ਨੂੰ ਕਈ ਕਿਲੋਮੀਟਰ ਵਾਧੂ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ। ਲੋਕਾਂ ਦੀ ਇਹ ਮੰਗ ਸੀ ਕਿ ਬੇਸ਼ਕ ਨਿਰਮਾਨ ਕਾਰਜ਼ ਜਰੂਰੀ ਹਨ ਪਰ ਉਹਨਾਂ ਨੂੰ ਦਿਨ ਰਾਤ ਚੱਲਾ ਕੇ ਜਲਦੀ ਮੁਕਮੰਲ ਕੀਤਾ ਜਾਣਾ ਚਾਹੀਦਾ ਹੈ।
ਆਨਲਾਈਨ ਸ਼ਿਕਾਇਤ ਸਬੰਧੀ ਗੱਲਬਾਤ ਕਰਦੇ ਹੋਏ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਘਰਾਂ ਤੋਂ ਹੀ ਮੁਸ਼ਕਿਲਾਂ ਹੱਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨ ਲਾਈਨ ਜੂਮ ਮੀਟਿੰਗ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਆਪਣੀ ਮੁਸ਼ਕਿਲ/ਸਮੱਸਿਆ ਦੱਸ ਸਕਦੇ ਹਨ, ਜਿਸ ਨੂੰ ਸਬੰਧਿਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਜ਼ਿਲਾ ਵਾਸੀ ਆਪਣੀ ਮੁਸ਼ਕਿਲ/ਸਮੱਸਿਆ ਰੋਜ਼ਾਨਾਂ ( ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ ਵਾਲੇ ਦਿਨ) ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਜੂਮ ਮੀਟਿੰਗ ਜ਼ਰੀਏ ਯੂਜਰ ਆਈ.ਡੀ 96469-76098 ਅਤੇ ਪਾਸਵਰਡ 22 ਲਗਾ ਕੇ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ, ਸਬ ਤਹਿਸੀਲਾਂ, ਸਮੂਹ ਕਾਰਜ ਸਾਧਕ ਨਗਰ ਕੋਂਸਲਾਂ, ਕਾਰਪੋਰੇਸ਼ਨ ਬਟਾਲਾ, ਸਮੂਹ ਬੀਡੀਪੀਓ, ਸੀਡੀਪੀਓ ਅਤੇ ਜਨਰਲ ਮੈਨੇਜਰ ਇੰਡਸਟਰੀ (ਜੀਐਮ-ਡੀਆਈ.ਸੀ) ਬਟਾਲਾ ਦੇ ਦਫਤਰਾਂ ਵਿਚ ਵੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਵਾਉਣ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਲੋਕ ਆਪਣੇ ਨੇੜਲੇ ਉਪਰੋਕਤ ਕਿਸੇ ਵੀ ਦਫਤਰ ਵਿਚ ਜਾ ਕੇ ਆਪਣੀ ਮੁਸ਼ਕਿਲ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਸਬੰਧਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜੂਮ ਮੀਟਿੰਗ ਸ਼ੁਰੂ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਲੋਕ ਘਰੋਂ ਹੀ ਜਾਂ ਆਪਣੇ ਨੇੜਲੇ ਕਿਸੇ ਵੀ ਦਫਤਰ ਜਾ ਕੇ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਦੱਸਿਆ ਕਿ ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ।