ਗੁਰਦਾਸਪੁਰ, 14 ਜੂਨ (ਮੰਨਣ ਸੈਣੀ)। ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਪਾਸ ਆਉਟ ਹੋ ਕੇ ਗੁਰਦਾਸਪੁਰ ਸ਼ਹਿਰ ਦੇ ਨਿਊ ਸੰਤ ਨਗਰ ਇਲਾਕੇ ਦੇ ਰਹਿਣ ਵਾਲੇ ਸਿਮਰਪ੍ਰੀਤ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦਾ ਰੈਂਕ ਹਾਸਿਲ ਕਰ ਆਪਣੇ ਮਾਪਿਆਂ ਸਮੇਤ ਜ਼ਿਲ੍ਹੇ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਦੇ ਪਿਤਾ ਤੇਜਿੰਦਰ ਸਿੰਘ ਵਾਲੀਆ ਅਤੇ ਮਾ. ਰਾਜਵਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਸਿਮਰਪ੍ਰੀਤ ਸਿੰਘ ਨੇ ਗੁਰਦਾਸਪੁਰ ਪਬਲਿਕ ਸਕੂਲ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਮੈਰਿਟ ਵਿੱਚ ਪਾਸ ਕੀਤੀ ਅਤੇ ਸਾਲ 2016 ਵਿੱਚ ਮੈਰਿਟ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਮੁਹਾਲੀ ਵਿੱਚ ਦਾਖਲਾ ਲਿਆ। ਸਾਲ 2017 ਵਿੱਚ UPSC ਪ੍ਰੀਖਿਆ ਪਾਸ ਕੀਤੀ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲੇ ਲਈ ਦੇਸ਼ ਭਰ ਵਿੱਚ 167ਵਾਂ ਰੈਂਕ ਹਾਸਲ ਕੀਤਾ। ਸਾਲ 2021 ਵਿੱਚ, ਉਸਨੇ 3 ਸਾਲਾਂ ਦੀ ਸਖ਼ਤ ਸਿਖਲਾਈ ਦੇ ਨਾਲ ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਲਾ (ਪੁਣੇ) ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।
ਨੈਸ਼ਨਲ ਡਿਫੈਂਸ ਅਕੈਡਮੀ ਖੜਗਵਾਸਲਾ ਤੋਂ ਪਾਸ ਕੀਤਾ ਅਤੇ ਮੁੜ ਸਿਖਲਾਈ ਲਈ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ 1 ਸਾਲ ਦੀ ਸਖ਼ਤ ਸਿਖਲਾਈ ਅਤੇ ਰੱਖਿਆ ਅਧਿਐਨ ਪੂਰਾ ਕੀਤਾ। 11 ਜੂਨ, 2022 ਨੂੰ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿਖੇ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਨੇ ਆਪਣੀ ਵਰਦੀ ‘ਤੇ ਆਪਣੇ ਮਾਤਾ-ਪਿਤਾ ਦੇ ਨੇੜੇ ਲੈਫਟੀਨੈਂਟ ਦੇ ਰੈਂਕ ਦਾ ਸਿਤਾਰਾ ਲਗਾ ਕੇ ਆਪਣੇ ਸੁਪਨੇ ਸਾਕਾਰ ਕੀਤੇ, ਨਾਲ ਹੀ ਆਪਣੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ।
ਗੱਲਬਾਤ ਕਰਦਿਆਂ ਲੈਫਟੀਨੈਂਟ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਦਾਦੀ ਜਸਪਾਲ ਕੌਰ ਵਾਲੀਆ ਨੂੰ ਦਿੰਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਇਸ ਮੁਕਾਮ ਤੱਕ ਪਹੁੰਚਿਆ ਹੈ।