ਭਾਰਤ-ਪਾਕਿ ਰੇਂਜਰਾਂ ਵਿਚਾਲੇ ਜ਼ੀਰੋ ਲਾਈਨ ‘ਤੇ ਕਰੀਬ ਡੇਢ ਘੱਟੇ ਤੱਕ ਕੀਤੀ ਗਈ ਗੱਲਬਾਤ
ਗੁਰਦਾਸਪੁਰ, 9 ਜੂਨ (ਮੰਨਣ ਸੈਣੀ)। ਵੀਰਵਾਰ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਡੇਰਾ ਬਾਬਾ ਨਾਨਕ ‘ਚ ਸ਼੍ਰੀ ਕਰਤਾਰਪੁਰ ਕਾਰੀਡੋਰ ਦੇ ਗੇਟ ‘ਤੇ ਜ਼ੀਰੋ ਲਾਈਨ ‘ਨੇੜੇ ਭਾਰਤ-ਪਾਕਿਸਤਾਨ ਰੇਂਜਰਾਂ ਵਿਚਾਲੇ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬੀਐਸਐਫ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਤੇ ਪਾਕਿਸਤਾਨ ਦੇ ਚਨਾਬ ਰੇਂਜਰ ਦੇ ਬ੍ਰਿਗੇਡੀਅਰ ਸ਼ਾਹਿਦ ਅਯੂਬ ਨੇ ਕਈ ਮੁੱਦਿਆਂ ’ਤੇ ਅਹਿਮ ਗੱਲਬਾਤ ਕੀਤੀ। ਭਾਰਤੀ ਰੇਜ਼ਰਾਂ ਵੱਲੋਂ ਪਾਕਿਸਤਾਨੀ ਰੇਜ਼ਰਾਂ ਨੂੰ ਇਸ ਸੈਕਟਰ ਵਿੱਚ ਮੁੱਖ ਤੌਰ ‘ਤੇ ਡਰੋਨਾਂ ਦੀ ਵੱਧ ਰਹੀ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ।
ਇਸ ਮੌਕੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਉਹਨਾਂ ਵੱਲੋ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਡਰੋਨ ਦੀ ਤਸਕਰੀ ਅਤੇ ਡਰੋਨ ਘੁਸਪੈਠ ਸਬੰਧੀ ਪਾਕਿਸਤਾਨ ਦੇ ਚਨਾਬ ਰੇਂਜਰਜ਼ ਦੇ ਬ੍ਰਿਗੇਡੀਅਰ ਅਤੇ ਰੇਂਜਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਪਾਕਿਸਤਾਨ ਵਿੱਚ ਬੈਠੇ ਗਲਤ ਅਨਸਰਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਕਾਰਨ ਇਹ ਮੀਟਿੰਗ ਬੁਲਾਈ ਗਈ ਸੀ। ਇਸ ਮੌਕੇ ਵੱਖ-ਵੱਖ ਬਟਾਲੀਅਨਾਂ ਦੇ ਅਧਿਕਾਰੀਆਂ ਨੇ ਵੀ ਸਰਹੱਦ ਦਾ ਦੌਰਾ ਕੀਤਾ। ਪਾਕਿਸਤਾਨੀ ਰੇਂਜਰਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲੇ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਵੀ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਪਾਕਿਸਤਾਨ ਦੇ ਚਨਾਬ ਰੇਂਜਰਜ਼ ਦੇ ਬ੍ਰਿਗੇਡੀਅਰ ਸ਼ਾਹਿਦ ਅਜੂਬ ਨੇ ਵੀ ਉਹਨਾਂ ਅਤੇ ਸਾਰੇ ਕਮਾਂਡੈਂਟਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਰਹੱਦ ’ਤੇ ਪਹਿਰਾ ਹੋਰ ਸਖ਼ਤ ਕਰਨਗੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਪਾਕਿਸਤਾਨੀ ਸਰਹੱਦ ਰਾਹੀਂ ਕੋਈ ਗਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪਾਕਿ ਰੇਂਜਰਾਂ ਵਿਚਕਾਰ ਸ਼ਾਂਤੀਪੂਰਨ ਮੀਟਿੰਗ ਦੌਰਾਨ ਬੀਐਸਐਫ ਨੇ ਪਾਕਿ ਬ੍ਰਿਗੇਡੀਅਰ, ਰੇਂਜਰਾਂ ਅਤੇ ਪਾਕਿ ਕਮਾਂਡਰਾਂ ਨੂੰ ਚਾਹ, ਸੇਬ ਅਤੇ ਅੰਬ ਭੇਂਟ ਕੀਤੇ।
ਦੱਸਣਯੋਗ ਹੈ ਕਿ ਪਿਛਲੇ ਕਈ ਚਿਰ ਤੋਂ ਪਾਕਿਸਤਾਨੀ ਸਰਹਦ ਦਾ ਇਸਤੇਮਾਲ ਨਸ਼ਾ ਤਸਕਰਾਂ ਵੱਲੋਂ ਭਾਰਤ ਅੰਦਰ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਲਈ ਕੀਤਾ ਜਾ ਰਿਹਾ ਹੈ।