ਡਿਪਟੀ ਕਮਿਸ਼ਨਰ ਹਰ ਬੁੱਧਵਾਰ ਬਟਾਲਾ ਵਿਖੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਰਨਗੇ ਮੀਟਿੰਗ
ਬਟਾਲਾ, 8 ਜੂਨ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨੇ ਉਦਯੋਗ ਵਿਭਾਗ ਦੇ ਜੀ.ਐੱਮ. ਨੂੰ ਹਦਾਇਤ ਕੀਤੀ ਹੈ ਕਿ ਉਹ ਬਟਾਲਾ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਪਣੇ ਦਫ਼ਤਰ ਵਿੱਚ ਸਿੰਗਲ ਵਿੰਡੋ ਸਿਸਟਮ ਸਥਾਪਤ ਕਰਨ ਤਾਂ ਜੋ ਸਨਅਤਕਾਰਾਂ ਨੂੰ ਉਦਯੋਗਾਂ ਨਾਲ ਸਬੰਧਤ ਕੰਮਾਂ ਲਈ ਹੋਰ ਵਿਭਾਗਾਂ ਦੇ ਗੇੜੇ ਨਾ ਮਾਰਨੇ ਪੈਣ। ਉਨ੍ਹਾਂ ਕਿਹਾ ਕਿ ਉਦਯੋਗ ਵਿਭਾਗ ਸਨਅਤਕਾਰਾਂ ਦੀ ਸਹੂਲਤ ਲਈ ਨੋਡਲ ਵਿਭਾਗ ਦੇ ਤੌਰ ’ਤੇ ਕੰਮ ਕਰੇਗਾ। ਡਿਪਟੀ ਕਮਿਸ਼ਨਰ ਅੱਜ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਬਟਾਲਾ ਦੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਨਅਤਾਂ ਨੂੰ ਪ੍ਰਫੂਲਤ ਕਰਨ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਓਥੇ ਜ਼ਿਲ੍ਹਾ ਪੱਧਰ ’ਤੇ ਉਦਯੋਗਪਤੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਵੀ ਪ੍ਰਸ਼ਾਸਨਿਕ ਪੱਧਰ ’ਤੇ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਸਨਅਤਕਾਰਾਂ ਵੱਲੋਂ ਢਲਾਈ ਦੇ ਕੰਮ ਲਈ ਵਰਤੀ ਜਾਂਦੀ ਮਿੱਟੀ ਦੀ ਘਾਟ ਦਾ ਮੁੱਦਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਉੱਪਰ ਉਨ੍ਹਾਂ ਨੇ ਸਰਕਾਰ ਦੇ ਨਿਯਮਾਂ ਤਹਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਨਅਤਕਾਰਾਂ ਵੱਲੋਂ ਇੰਡਸਟਰੀਅਲ ਫੋਕਲ ਪੁਆਇੰਟਾਂ ਵਿੱਚ ਸੀਵਰੇਜ ਅਤੇ ਸਟਰੀਟ ਲਾਈਟਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਉਣ ’ਤੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਸਲੇ ਨੂੰ ਤੁਰੰਤ ਹੱਲ ਕਰਕੇ ਉਨ੍ਹਾਂ ਨੂੰ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ। ਇਸੇ ਦੌਰਾਨ ਬਟਾਲਾ ਦੇ ਸਨਅਤਕਾਰਾਂ ਨੇ ਉਦਯੋਗ ਨੀਤੀ ਸਬੰਧੀ ਕਈ ਮੰਗਾਂ ਕਰਨ ਦੇ ਨਾਲ ਆਪਣੇ ਸੁਝਾਅ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀਆਂ ਸਥਾਨਕ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਯਤਨਸ਼ੀਲ ਹੈ ਅਤੇ ਹਫ਼ਤੇ ਦੇ ਹਰ ਬੁੱਧਵਾਰ ਉਹ ਬਟਾਲਾ ਦੇ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਿਆ ਕਰਨਗੇ।
ਮੀਟਿੰਗ ਦੌਰਾਨ ਬਟਾਲਾ ਸ਼ਹਿਰ ਦੀ ਸਫਾਈ ਵਿਵਸਥਾ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਕੋਲੋਂ ਵੀ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਦੇ ਸਾਰੇ ਸਨਅਤਕਾਰ ਆਪਣੇ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸੈਗਰੀਗੇਸ਼ਨ ਕਰਨ ਲਈ ਪ੍ਰੇਰਿਤ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਝ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਕੁਝ ਉਦਯੋਗਿਕ ਕਾਮੇਂ ਸ਼ਹਿਰ ਵਿੱਚ ਖੁੱਲੇ ਵਿੱਚ ਸ਼ੌਚ ਜਾਂਦੇ ਹਨ ਜੋ ਕਿ ਗਲਤ ਰੁਝਾਨ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਆਪਣੇ ਕਾਮਿਆਂ ਲਈ ਟਾਇਲਟ ਆਦਿ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਰਤ ਵਿਭਾਗ ਨੂੰ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਮਜ਼ਦੂਰਾਂ ਲਈ ਇੱਕ ਸ਼ੈੱਡ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ।
ਮੀਟਿੰਗ ਵਿੱਚ ਜੀ.ਐੱਮ. ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਸ. ਸੁਖਪਾਲ ਸਿੰਘ, ਸਨਅਤਕਾਰ ਵੀ.ਐੱਮ. ਗੋਇਲ, ਇੰਦਰ ਸੇਖੜੀ, ਪਵਨ ਕੁਮਾਰ ਪੰਮਾ, ਮਨਜੀਤ ਸਿੰਘ ਹੰਸਪਾਲ, ਰਾਕੇਸ਼ ਗੋਇਲ, ਰਾਕੇਸ਼ ਬਜਾਜ, ਨਿਤਿਸ਼ ਕੁਮਾਰ, ਰਾਕੇਸ਼ ਅਗਰਵਾਲ, ਸੁਰਿੰਦਰ ਸਿੰਘ, ਸੰਜੀਵ ਅਗਰਵਾਲ, ਭਾਰਤ ਭੂਸ਼ਨ ਅਗਰਵਾਲ, ਸ਼ਾਮ ਲਾਲ, ਸੰਦੀਪ ਸਿੰਘ, ਬਲਬੀਰ ਸਿੰਘ, ਵਿਸ਼ਾਲ, ਅਜੇ ਸ਼ਰਮਾਂ, ਵਿਨੇ ਸ੍ਰੀਵਾਸਤਵਾ, ਵਿਨੋਦ ਕੁਮਾਰ, ਕੁਲਵੰਤ ਸਿੰਘ ਸਮੇਤ ਹੋਰ ਵੀ ਸਨਅਤਕਾਰ ਮੌਜੂਦ ਸਨ।