ਗੁਰਦਾਸਪੁਰ, 7 ਜੂਨ (ਮੰਨਣ ਸੈਣੀ)। ਕਸਬਾ ਦੀਨਾਨਗਰ ਅਧੀਨ ਪੈਂਦੀ ਸ਼ੂਗਰ ਮਿੱਲ ਪਨੀਅਦ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮਜ਼ਦੂਰਾਂ ਨੂੰ ਪਾਣੀ ਦੀ ਟੈਂਕੀ ‘ਚੋਂ ਸਫ਼ਾਈ ਕਰਦੇ ਸਮੇਂ ਸੜੀ ਹੋਈ ਲਾਸ਼ ਮਿਲੀ | ਦੀਨਾਨਗਰ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ‘ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ।
ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪਾਣੀ ਵਾਲੀ ਟੈਂਕੀ ਡੇਢ ਏਕੜ ਦੇ ਕਰੀਬ ਹੈ ਅਤੇ 15 ਫੁੱਟ ਡੂੰਘੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਫ਼ਾਈ ਦਾ ਕੰਮ ਚੱਲ ਰਿਹਾ ਸੀ ਤਾਂ ਸਫ਼ਾਈ ਕਰਦੇ ਸਮੇਂ ਗੰਦੇ ਪਾਣੀ ਦੀ ਟੈਂਕੀ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜੋ ਕਿ ਪੂਰੀ ਤਰ੍ਹਾਂ ਸੜੀ ਹੋਈ ਸੀ। ਆਦਮੀ ਨੇ ਸਰਦੀਆਂ ਦੇ ਕੱਪੜੇ ਪਾਏ ਹੋਏ ਸਨ। ਇਸ ਦੀ ਉਮਰ ਸੀਮਾ ਅਤੇ ਪਛਾਣ ਬਹੁਤ ਮੁਸ਼ਕਲ ਹੈ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਸਾਰੇ ਥਾਣਿਆਂ ਤੋਂ ਲਾਪਤਾ ਵਿਅਕਤੀਆਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।