ਜ਼ਿਲ੍ਹੇ ਅੰਦਰ ਖੇਤੀਬਾੜੀ ਸਮੇਤ ਵੱਖ-ਵਖ ਵਿਭਾਗਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿੱਢਿਆ ਗਿਆ ਵਿਸ਼ੇਸ ਅਭਿਆਨ
ਗੁਰਦਾਸਪੁਰ, 1 ਜੂਨ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲੇ ਅੰਦਰ ਛੇੜੀ ਗਈ ‘ਪਾਣੀ ਦੇ ਰਾਖੇ’ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਧੀਰ ਸਿੰਘ ਠਾਕੁਰ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਪਿੰਡ ਜਫਰਵਾਲ 100 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਬਣ ਗਿਆ ਹੈ। ਇਸੇ ਤਰਾਂ ਪਿੰਡ ਤਲਵੰਡੀ ਗੁਰਾਇਆ 50 ਏਕੜ, ਸਾਰਚੂਰ ਤੇ ਕਲੇਰ 50 ਤੋਂ 100 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਹੁਣ ਤਕ ਜ਼ਿਲੇ ਅੰਦਰ 4212 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਚੁੱਕੀ ਹੈ।
ਉਨਾਂ ਅੱਗੇ ਦੱਸਿਆ ਕਿ ਕਿਸਾਨ ਜਾਗਰੂਕਤਾ ਕੈਂਪ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜੋ ਕਿਸਾਨਾਂ ਦੇ ਮਨਾਂ ਵਿਚ ਸ਼ੰਕੇ ਹਨ , ਉਹ ਦੂਰ ਕੀਤੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਕਣਕ ਦੇ ਵੱਢਾਂ ਨੂੰ ਪਾਣੀ ਦੇਣਾ, ਤਿੰਨ ਦਿਨਾਂ ਬਾਅਦ ਵੱਤਰ ਆਉਣ ਦੋ ਵਾਰ ਵਾਹ ਕੇ ਸਹਾਗਾ ਮਾਰ ਕੇ ਲੇਵਲ ਰਾਵਾ ਫੇਰਿਆ ਜਾਵੇ ਅਤੇ ਖੇਤ ਛੱਡ ਦਿਤਾ ਜਾਵੇ, ਬਿਜਾਈ ਤੋ 3 ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾਇਆ ਜਾਵੇ, 3 ਦਿਨਾਂ ਬਾਅਦ ਤੱਕ ਵੱਤਰ ਆਉਣ ਤੋ ਤੇ 2 ਵਾਰ ਵਾਹੁਣ ਉਪਰੰਤ 3 ਸੁਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ। ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ, ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਨਾ ਕੀਤੀ ਜਾਵੇ ।
ਬੀਜ ਦੀ ਮਾਤਰਾ ਸਬੰਧੀ ਉਨਾਂ ਦੱਸਿਆ ਕਿ ਬੀਜ 8-10 ਕਿਲੋ ਪ੍ਰਤੀ ਏਕੜ ਬੀਜ ਬੀਜਣ ਤੋ ਪਹਿਲਾਂ 8-12 ਘੰਟੇ ਪਾਣੀ ਚ ਡੁਬੋ ਕੇ ਛਾਂਵੇ ਸੁਕਾਉਣ ਉਪਰੰਤ 3 ਗਾ੍ਰਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਬੀਜ ਨੂੰ ਸੋਧ ਸੋਧ ਕੇ 7.5 –8 ਇੰਚ ਦੂਰ ਕਤਾਰਾਂ ਵਿੱਚ 1.25-1.50 ਵਿੱਚ ਇੰਚ ਡੂੰਗੀ ਬਿਜਾਈ ਕਰੋ। ਨਦੀਨਨਾਸ਼ਕ ਸਬੰਧੀ ਉਨਾਂ ਦੱਸਿਆ ਕਿ ਬਿਜਾਈ ਦੇ ਤੁਰੰਤ ਬਾਅਦ ਪੈਡੀਮੈਥਾਨਿਨ ਸਟੈਪ 1 ਲੀਟਰ ਦਵਾਈ 200 ਲੀਟਰ ਪਾਣੀ ਚ ਘੋਲ ਕੇ ਸਵੇਰ ਜਾਂ ਸ਼ਾਮ ਵੇਲੇ ਸਪਰੇਅ ਕੀਤੀ ਜਾਵੇ । ਫਸਲ ਨੂੰ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5 ਵੇਂ ਦਿਨ ਪਾਣੀ ਲਗਾਇਆ ਜਾਵੇ ।
ਖਾਂਦਾਂ ਦੀ ਵਰਤੋ ਸਬੰਧੀ ਉਨਾਂ ਦੱਸਿਆ ਕਿ ਪਰਮਲ ਵਾਸਤੇ 4 ਹਫਤੇ ਤੇ ਬਾਅਦ 1 ਬੈਗ ਯੂਰੀਆ , 6 ਹਫਤੇ ਬਾਅਦ 1 ਬੈਗ ਯੂਰੀਆਂ , 9 ਹਫਤੇ ਬਾਅਦ ਇੱਕ ਬੈਗ ਯੂਰੀਆ , ਬਾਸਮਤੀ ਵਾਸਤੇ – 3 ਹਫਤੇ ਬਾਅਫ 18 ਕਿਲੋ ਯੂਰੀਆਂ, 6 ਹਫਤੇ ਬਾਅਦ 18 ਕਿਲੋ ਯੂਰੀਆ, 9 ਹਫਤੇ ਬਾਅਦ 18 ਕਿਲੋ ਯੂਰੀਆਂ ਪਾਈ ਜਾਵੇ। ਉਨਾਂ ਕਿਹਾ ਕਿ ਡੀ. ਏ. ਪੀ. ਖਾਦ ਦੀ ਲੋੜ ਨਹੀ ਹੈ।