ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ: ਤਸਕਰਾਂ ਦੀ ਸ਼ਿਨਾਖਤ ਤੇ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ,ਦੋ ਪਿਸਤੌਲ ਅਤੇ ਰੌਂਦ ਬਰਾਮਦ, ਮਕਾਨ ਮਾਲਿਕ ਤੇ ਵੀ ਹੋਵੇਗਾ ਮਾਮਲਾ ਦਰਜ

ਗੁਰਦਾਸਪੁਰ: ਤਸਕਰਾਂ ਦੀ ਸ਼ਿਨਾਖਤ ਤੇ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ,ਦੋ ਪਿਸਤੌਲ ਅਤੇ ਰੌਂਦ ਬਰਾਮਦ, ਮਕਾਨ ਮਾਲਿਕ ਤੇ ਵੀ ਹੋਵੇਗਾ ਮਾਮਲਾ ਦਰਜ
  • PublishedMay 30, 2022

ਦੋਸ਼ਿਆਂ ਨੂੰ ਕਿਰਾਏ ’ਤੇ ਕਮਰਾ ਦੇਣ ਵਾਲੇ ਮਾਲਕ ਖ਼ਿਲਾਫ਼ ਵੀ ਦਰਜ ਹੋਵੇਗਾ ਮਾਮਲਾ: ਕਿਰਾਏਦਾਰ ਬਾਰੇ ਸਬੰਧਤ ਥਾਣੇ ਵਿੱਚ ਨਹੀਂ ਦਿੱਤੀ ਸੀ ਸੂਚਨਾ

ਗੁਰਦਾਸਪੁਰ, 30 ਮਈ (ਮੰਨਣ ਸੈਣੀ)। ਜ਼ਿਲ੍ਹਾ ਪੁਲਿਸ ਵੱਲੋਂ ਬੀਤੇ ਦਿਨੀਂ ਫੜੇ ਗਏ ਨਸ਼ਾ, ਅਤੇ ਨਜਾਇਜ਼ ਹਥਿਆਰ ਤਸਕਰਾਂ ਵੱਲੋਂ ਮੁਲਜ਼ਮਾਂ ਦੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਤੋਂ ਪੁਲਿਸ ਨੂੰ ਦੋ ਪਿਸਤੋਲ ਅਤੇ ਰੋਂਦ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਗੁਰਦਾਸਪੁਰ ਦੇ ਐਸਐਸਪੀ ਵੱਲੋਂ ਇਹ ਤਸਕਰ ਜਿਸ ਮਕਾਨ ਮਾਲਕ ਦੇ ਘਰ ਵਿੱਚ ਬਤੌਰ ਕਿਰਾਏਦਾਰ ਵਜੋਂ ਰਹਿ ਰਹੇ ਸਨ, ਉਹਨਾਂ ਖ਼ਿਲਾਫ਼ ਵੀ ਸਖਤੀ ਵਿਖਾਉਂਦੇ ਹੋਏ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਕਾਨ ਮਾਲਕ ਦਾ ਕਸੂਰ ਇੰਨਾ ਹੈ ਕਿ ਉਸ ਨੇ ਕਿਰਾਏਦਾਰਾਂ ਸਬੰਧੀ ਪਹਿਲਾਂ ਸਬੰਧਿਤ ਥਾਣੇ ਵਿੱਚ ਕੋਈ ਸੂਚਨਾ ਨਹੀਂ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਮਕਾਨ ਮਾਲਕ ਨੇ ਸਮੇਂ ਸਿਰ ਕਿਰਾਏਦਾਰਾਂ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਹੁੰਦਾ ਤਾਂ ਮੁਲਜ਼ਮ ਪਹਿਲਾਂ ਹੀ ਫੜੇ ਜਾ ਸਕਦੇ ਸਨ ਅਤੇ ਉਹ ਬਾਹਰੀ ਰਾਜਾਂ ਤੋਂ ਹਥਿਆਰਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਤੋਂ ਪਹਿਲਾਂ ਹੀ ਫੜੇ ਜਾ ਸਕਦੇ ਸਨ।

ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ 28 ਮਈ ਦੀ ਰਾਤ ਨੂੰ ਮੁਖਬਰ ਦੀ ਇਤਲਾਹ ’ਤੇ ਹਰੀ ਓਮ ਪੁੱਤਰ ਸੁਨੀਲ ਕੁਮਾਰ ਵਾਸੀ ਜੋਸ਼ੀਆਂ ਵਾਲੀ ਗਲੀ, ਜਾਹਨਵੀ ਪਤਨੀ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪੱਪੂ ਸ਼ਰਮਾ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ, 7 ਹਜ਼ਾਰ ਰੁਪਏ ਦੀ ਡਰੱਗ ਮਨੀ, 1 ਦੇਸੀ ਕੱਟਾ, 315 ਬੋਰ ਸਮੇਤ 4 ਰੌਂਦ, 1 ਰਿਵਾਲਵਰ 38 ਬੋਰ ਸਮੇਤ 2 ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿਖੇ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।

ਇਨ੍ਹਾਂ ਕੋਲੋਂ ਪੁੱਛਗਿੱਛ ਕਰਨ ‘ਤੇ ਪੁੁਲਿਸ ਵੱਲੋਂ ਅਸ਼ਵਨੀ ਕੁਮਾਰ ਪੁੱਤਰ ਪੰਕਜ ਦੱਤਾ ਉਰਫ ਸੀਲੂ ਵਾਸੀ ਗੀਤਾ ਭਵਨ ਮੰਦਿਰ ਗੁਰਦਾਸਪੁਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਕੋਲੋਂ 02 ਪਿਸਤੌਲ 32 ਬੋਰ, 04 ਮੈਗਜ਼ੀਨ 32 ਬੋਰ, 02 ਰੌਂਦ ਜਿੰਦਾ 32 ਬੋਰ ਅਤੇ 4 ਖੋਲ 32 ਬੋਰ ਬਰਾਮਦ ਕੀਤੇ ਹਨ।

ਦੋਸ਼ੀਆਂ ਨੇ ਕਬੂਲ ਕਿਤਾ ਕਿ ਉਨ੍ਹਾਂ ਦੇ ਸਬੰਧ ਸੋਨੂੰ ਪੁੱਤਰ ਰਾਜ ਕੁਮਾਰ ਚੌਧਰੀ ਵਾਸੀ ਪਟਨਾ (ਬਿਹਾਰ) ਨਾਲ ਹਨ ਜੋ ਕਿ ਹੁਣ ਮੁਹੱਲਾ ਇਸਲਾਮਾਬਾਦ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪਠਾਨਕੋਟ ਵਿੱਚ ਇੱਕ ਧੋਖਾਧੜੀ ਦੇ ਕੇਸ ਵਿੱਚ ਬੰਦ ਹੈ। ਉਹਨਾਂ ਦੱਸਿਆ ਕਿ ਇਹ ਸਾਰੇ ਹਥਿਆਰ ਉਹਨਾਂ ਵੱਲੋਂ ਪਟਨਾ ਤੋਂ ਸੋਨੇ ਸਮੇਤ ਜਾ ਕੇ ਲਿਆਂਦੇ ਗਏ ਸਨ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਪੰਕਜ ਨੂੰ ਛੱਡ ਕੇ ਬਾਕੀ ਸਾਰੇ ਬਾਹਰਲੇ ਜ਼ਿਲ੍ਹਿਆਂ ਯਾ ਰਾਜਾਂ ਤੋਂ ਆਏ ਹੋਏ ਹਨ ਅਤੇ ਇੱਥੇ ਕਿਰਾਏ ’ਤੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਕਾਨ ਮਾਲਕ ਨੇ ਇਸ ਸਬੰਧੀ ਪੁਲਿਸ ਨੂੰ ਇਸ ਸੰਬੰਧੀ ਪਹਿਲਾ ਸੂਚਨਾ ਨਹੀਂ ਦਿੱਤੀ, ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਮਾਲਕ ਦੀ ਪਛਾਣ ਕਰ ਉਸ ਖਿਲਾਫ ਵੀ ਡੀਸੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਂਝ ਕੇਂਦਰਾਂ ਵਿੱਚ ਜਾ ਕੇ, 112 ਨੰਬਰ ਡਾਇਲ ਕਰਕੇ ਜਾਂ ਸਿੱਧੇ ਸਬੰਧਤ ਥਾਣੇ ਵਿੱਚ ਜਾ ਕੇ ਆਪਣੇ ਕਿਰਾਏਦਾਰਾਂ ਦੀ ਤਸਦੀਕ ਕਰਵਾ ਲੈਣ ਤਾਂ ਜੋ ਬਾਅਦ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਕੋਈ ਸਮਾਜ ਵਿਰੋਧੀ ਅਨਸਰ ਤੁਹਾਡੇ ਘਰੋਂ ਕੋਈ ਗਲਤ ਹਰਕਤ ਨੂੰ ਅੰਜਾਮ ਨਾ ਦੇਵੇ। ਇਸ ਮੌਕੇ ਤੇ ਥਾਨਾ ਸਿਟੀ ਮੁੱਖੀ ਗੁਰਮੀਤ ਸਿੰਘ ਅਤੇ ਇੰਸਪੈਕਟਰ ਵਿਸ਼ਵਨਾਥ ਵੀ ਮੌਜੂਦ ਸਨ। ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਅਸਲ ਮਾਲਿਕ ਮਕਾਨ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ।

Written By
The Punjab Wire