ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਮਾਲੀ ਸਹਾਇਤਾ ਦੇਵੇਗੀ ਪੰਜਾਬ ਸਰਕਾਰ – ਨੰਬਰਦਾਰ ਦਲਜੀਤ ਸਿੰਘ ਬਮਰਾਹ
ਬਟਾਲਾ, 13 ਮਈ ( ਮੰਨਣ ਸੈਣੀ) । ਪਿੰਡਾਂ ਦੇ ਨੰਬਰਦਾਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਵੱਲੋਂ ਵੀ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਬਚਤ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ ਨੰਬਰਦਾਰ ਦਲਜੀਤ ਸਿੰਘ ਬਮਰਾਹ ਵੱਲੋਂ ਪਿੰਡ ਚੂਹੇਵਾਲ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਪੰਚਾਇਤ ਸਕੱਤਰ ਹਰਵਿੰਦਰਬੀਰ ਸਿੰਘ ਅਤੇ ਵਿਜੇ ਕੁਮਾਰ ਨੇ ਕੈਂਪ ਵਿਚ ਪਹੁੰਚ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਦੱਸੇ।
ਪਿੰਡ ਚੂਹੇਵਾਲ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਨਾਲ ਗੱਲ ਕਰਦਿਆਂ ਨੰਬਰਦਾਰ ਦਲਜੀਤ ਸਿੰਘ ਬਮਰਾਹ ਅਤੇ ਪੰਚਾਇਤ ਸਕੱਤਰ ਹਰਵਿੰਦਰਬੀਰ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਪਾਣੀ ਦੀ ਬਚਤ ਲਈ ਬਹੁਤ ਕਾਰਗਰ ਤਕਨੀਕ ਹੈ। ਉਨਾਂ ਕਿਹਾ ਸਿੱਧੀ ਬਿਜਾਈ ਨਾਲ ਝੋਨੇ ਦਾ ਝਾੜ ਪੂਰਾ ਨਿਕਲਦਾ ਹੈ ਅਤੇ ਖੇਤੀ ਖਰਚੇ ਵੀ ਘੱਟਦੇ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਨੰਬਰਦਾਰ ਦਲਜੀਤ ਸਿੰਘ ਬਮਰਾਹ ਨੇ ਕਿਹਾ ਕਿ ਹਰ ਕਿਸਾਨ ਨੂੰ ਆਪਣੀ ਜ਼ਮੀਨ ਦੇ 30 ਫੀਸਦੀ ਤੋਂ ਵੱਧ ਦੇ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਹੇਠ ਜਰੂਰ ਲਿਆਉਣਾ ਚਾਹੀਦਾ ਹੈ।
ਕੈਂਪ ਦੌਰਾਨ ਪਿੰਡ ਦੇ ਨੰਬਰਦਾਰ ਦਲਜੀਤ ਸਿੰਘ ਬਮਰਾਹ ਅਤੇ ਸਮੁੱਚੀ ਪੰਚਾਇਤ ਵੱਲੋਂ ਪੰਚਾਇਤ ਸਕੱਤਰ ਹਰਵਿੰਦਰਬੀਰ ਸਿੰਘ ਅਤੇ ਵਿਜੇ ਕੁਮਾਰ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਸਤਵੰਤ ਸਿੰਘ, ਅਮਰੀਕ ਸਿੰਘ ਪਨੇਸਰ, ਹਰਵਿੰਦਰ ਸਿੰਘ ਵਿੱਕੀ, ਹਰਪ੍ਰੀਤ ਸਿੰਘ ਬੁਰਸ਼ਾਹ, ਪਾਲ ਸਿੰਘ ਭੁਰਜੀ, ਹਰੀ ਸਿੰਘ ਗਿੱਲ, ਸਤਪਾਲ ਸਿੰਘ ਮਿੱਠੂ, ਮਾਸਟਰ ਗੁਰਵਿੰਦਰ ਸਿੰਘ, ਪੰਚ ਪਰਮਜੀਤ ਸਿੰਘ ਪਨੇਸਰ, ਪਰਮਜੀਤ ਸਿੰਘ ਭੁਰਜੀ, ਸੁਰਜੀਤ ਸਿੰਘ ਪਨੇਸਰ, ਅਰਜਿੰਦਰ ਸਿੰਘ ਭਗਤ, ਬਾਬਾ ਮੰਗਲ ਸਿੰਘ, ਸਰਦੂਲ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ ਨਾਗੀ, ਗੁਰਜੀਤ ਸਿੰਘ ਹੈਪੀ, ਮਲਕੀਤ ਸਿੰਘ ਮੱਲੀ, ਸਵਰਨ ਸਿੰਘ, ਧਰਮਜੀਤ ਸਿੰਘ, ਗਗਨ ਬੁਰਸ਼ਾਹ ਅਤੇ ਗੁਰਵਿੰਦਰ ਸਿੰਘ ਹੈਰੀ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।