ਗੁਰਦਾਸਪੁਰ, 30 ਮਈ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲੇ ਅੰਦਰ ‘ਪਾਣੀ ਦੇ ਰਾਖੇ’ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਕਿਆਂ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਅੱਗੇ ਆ ਰਹੇ ਹਨ। ਇਸੇ ਮੁਹਿੰਮ ਨੂੰ ਅਗਾਂਹ ਵਧਾਉਂਦਿਆਂ ਕਿਸਾਨ ਕਸ਼ਮੀਰ ਸਿੰਘ, ਪਿੰਡ ਬਹਿਲੋਲਪੁਰ, ਬਲਾਕ ਡੇਰਾ ਬਾਬਾ ਨਾਨਕ ਵਲੋਂ ਬਗੈਰ ਬਿਨਾਂ ਕੱਦੂ ਕੀਤੇ ਤਿੰਨ ਏਕੜ ਵਿਚ ਸਿੱਧੀ ਬਿਜਾਈ ਕਰਕੇ ਲਾਗਲੇ ਪਿੰਡਾਂ ਲਈ ਸਫਲ ਮਿਸਾਲ ਪੇਸ਼ ਕੀਤੀ ਹੈ।
ਕਿਸਾਨ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਦਵਾਈਆਂ ਅਤੇ ਖਾਦਾਂ ਦੀ ਘੱਟ ਵਰਤੋਂ ਹੰੰਦੀ ਹੈ। ਇਸ ਨਾਲ ਲੇਬਰ ਦਾ ਖਰਚਾ ਵੀ ਬੱਚਦਾ ਹੈ, ਝਾੜ ਵੱਧ ਨਿਕਲਦਾ ਹੈ ਅਤੇ ਅਗਲੀ ਫਸਲ ਕਣਕ ਵੀ ਵਧੀਆ ਹੁੰਦੀ ਹੈ।
ਕਿਸਾਨ ਕਸ਼ਮੀਰ ਸਿੰਘ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਕਾਰਨ ਉਹ ਇਲਾਕੇ ਵਿਚ ਰੋਲ ਮਾਡਲ ਬਣਿਆ ਹੈ ਤੇ ਬਹੁਤ ਸਾਰੇ ਕਿਸਾਨ ਉਸਦੇ ਤਜਰਬਿਆਂ ਅਤੇ ਸਫਲਤਾਵਾਂ ਤੋਂ ਸੇਧ ਲੈ ਕੇ ਸਫਲ ਖੇਤੀ ਕਰ ਰਹੇ ਹਨ। ਉਸਦਾ ਕਹਿਣਾ ਹੈ ਕਿ ਉਹ ਆਤਮਾ ਸਟਾਫ ਬਲਾਕ ਡੇਰਾ ਬਾਬਾ ਨਾਨਕ ਦੀ ਸਮੇਂ ਸਮੇਂ ’ਤੇ ਸਲਾਹ ਲੈਂਦਾ ਹੈ ਤੇ ਉਹ ਕਣਕ ਦੀ ਫਸਲ ਵੀ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੀ ਪਿਛਲੇ ਕਈ ਸਾਲਾਂ ਤੋਂ ਬੀਜ ਰਿਹਾ ਹੈ।
ਕਿਸਾਨ ਕਸ਼ਮੀਰ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ ਅੱਜ ਸਮੇਂ ਦੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।
ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਰਣਧੀਰ ਸਿੰਘ ਠਾਕੁਰ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜੋ ਕਿਸਾਨਾਂ ਦੇ ਮਨਾਂ ਵਿਚ ਸ਼ੰਕੇ ਹਨ , ਉਹ ਦੂਰ ਕੀਤੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।