ਗੁਰਦਾਸਪੁਰ ਪੰਜਾਬ

ਤਿੰਨ ਦਿਨਾਂ ਵਿਚ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਬਿਮਾਰਾਂ ਦੀ ਸ਼ਨਾਖਤ ਕਰਨ ਦੇ ਹੁਕਮਾਂ ਕਾਰਨ ਆਸ਼ਾ ਵਰਕਰਾਂ ਵਿੱਚ ਫੈਲਿਆ ਰੋਸ

ਤਿੰਨ ਦਿਨਾਂ ਵਿਚ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਬਿਮਾਰਾਂ ਦੀ ਸ਼ਨਾਖਤ ਕਰਨ ਦੇ ਹੁਕਮਾਂ ਕਾਰਨ ਆਸ਼ਾ ਵਰਕਰਾਂ ਵਿੱਚ ਫੈਲਿਆ ਰੋਸ
  • PublishedMay 28, 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਨੂੰ ਛਿੱਕੇ ਟੰਗ ਰਹੇ ਹਨ ਸਿਹਤ ਵਿਭਾਗ ਦੇ ਅਧਿਕਾਰੀ

ਗੁਰਦਾਸਪੁਰ 28 ਮਈ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਆਰੰਭੀ ਮੁਹਿੰਮ ਨੂੰ ਲੀਹੋਂ ਲਾਹੁਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹ ਦੋਸ਼ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਵੱਲੋਂ ਲਗਾਇਆ ਗਿਆ। ਉਹਨਾਂ ਦੱਸਿਆ ਕਿ ਗੁਰਦਾਸਪੁਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਗੁਰਦਾਸਪੁਰ ਦੇ ਪਿੰਡਾਂ ਸ਼ਹਿਰਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸਮਾਜਿਕ, ਸਿਵਲ ਪ੍ਰਸ਼ਾਸਨ, ਅਤੇ ਸਿਹਤ ਵਿਭਾਗ ਦੀ ਬਲਾਕ ਪੱਧਰੀ, ਪਿੰਡ ਪੱਧਰੀ ਸਾਂਝੀ ਟਾਸਕ ਫੋਰਸ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਜੋ ਆਪਣੇ ਆਪਣੇ ਖੇਤਰ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ, ਚਿੱਟੇ ਦਾ ਨਸ਼ਾ ਕਰਨ ਵਾਲਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰੇਗੀ। ਬਲਾਕ ਪੱਧਰੀ ਟਾਸਕ ਫੋਰਸ ਵਿਚ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਬੀ ਡੀ ਪੀ ਓ, ਬਲਾਕ ਐਜੂਕੇਸ਼ਨ ਅਫਸਰ ਬਲਾਕ ਦਾ ਸਿਵਲ ਅਧਿਕਾਰੀ ਪੀਅਰਸਨ ਐਜੂਕੇਟਰਜ ਹੋਣਗੇ। ਇਸੇ ਤਰ੍ਹਾਂ ਪਿੰਡ ਪੱਧਰ ਦੀ ਕਮੇਟੀ ਵਿੱਚ ਸੀ ਐਚ ਓ, ਪੰਚਾਇਤ ਸਕੱਤਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਪੀਅਰਜ ਐਜੂਕੇਟਰਜ, ਸਬੰਧਤ ਪਿੰਡ ਦੀ ਏ ਐਨ ਐਮ ਜ, ਗ੍ਰਾਮ ਰੁਜ਼ਗਾਰ ਅਫਸਰ ਮਿਲ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਗੇ।

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਦੀ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ, ਅਤੇ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਸਿਹਤ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਤੇ ਦੋਸ਼ ਲਾਇਆ ਹੈ ਕਿ ਉਹ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਸਿਰਫ ਆਸ਼ਾ ਵਰਕਰਾਂ ਨੂੰ ਹੀ ਚਿੱਟੇ ਨਸ਼ੀਲੇ ਪਾਊਡਰ ਦਾ ਸੇਵਨ ਕਰਨ ਵਾਲਿਆਂ ਦੀ ਸ਼ਨਾਖਤ ਕਰਨ ਲਈ ਤਿੰਨ ਦਿਨਾਂ ਵਿਚ ਸਰਵੇਖਣ ਕਰਨ ਦੇ ਹੁਕਮ ਜਾਰੀ ਕਰ ਰਹੇ ਹਨ। ਸਰਵੇਖਣ ਪੂਰਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਮਾਣਭੱਤਾ ਬੰਦ ਕਰਨ ਦੀ ਧਮਕੀਆਂ ਦਿੱਤੀਆਂ ਗਈਆਂ ਹਨ।

ਪ੍ਰੈਸ ਨੂੰ ਸੀਨੀਅਰ ਮੈਡੀਕਲ ਅਫ਼ਸਰ ਕਾਹਨੂੰਵਾਨ ਵਲੋਂ ਜਾਰੀ ਚਿਠੀ ਦਿਖਾਉਂਦੇ ਹੋਏ ਮੀਰਾਂ ਦੇਵੀ ਨੇ ਦੱਸਿਆ ਕਿ ਵਰਕਰਾਂ ਨੂੰ ਤਿੰਨ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਕੀਤੇ ਹਨ। ਜਥੇਬੰਦੀ ਦੇ ਸੂਬਾ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਉਹ ਇਹ ਤੁਗਲਕੀ ਫਰਮਾਨ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੇ ਬੇਹੁਦਾ ਹੁਕਮ ਪੰਜਾਬ ਸਰਕਾਰ ਵੱਲੋਂ ਅਰੰਭੇ ਨਸ਼ਾ ਵਿਰੋਧੀ ਮੁਹਿੰਮ ਨੂੰ ਲੀਹੋਂ ਲਾਹੁਣ ਲਈ ਹਨ। ਆਸ਼ਾ ਵਰਕਰਾਂ ਨੂੰ ਨਸ਼ੇ ਦਾ ਸ਼ਿਕਾਰ ਹੋਏ ਲੋਕਾਂ ਨਾਲ ਟਕਰਾਉਣ ਦੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਰੋੜਾਂ ਮਹਾਂਮਾਰੀ ਦੌਰਾਨ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਸਮੁੱਚੇ ਸਮਾਜ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ। ਇਸੇ ਕਰਕੇ ਯੂ ਐਨ ਓ ਵਿਚ ਭਾਰਤ ਦੀਆਂ ਆਸਾ ਵਰਕਰਾਂ ਨੂੰ ਸਰਬੋਤਮ ਇਨਾਮ ਮਿਲਿਆ ਹੈ। ਪਰ ਇਕਲਿਆਂ ਆਸ਼ਾ ਵਰਕਰਾਂ ਨੂੰ ਇਸ ਭੱਠੀ ਵਿਚ ਝੋਕਣ ਦੀ ਕੋਝੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀ ਮਤੀ ਕਾਂਤਾ ਭੁੱਲਰ, ਅੰਚਲ ਮੱਟੂ ਬਟਾਲਾ, ਗੁਰਿੰਦਰ ਕੌਰ ਦੁਰਾਂਗਲਾ, ਕੁਲਬੀਰ ਕੌਰ ਭੁੱਲਰ, ਬਬਿਤਾ ਗੁਰਦਾਸਪੁਰ ਰਾਜਵਿੰਦਰ ਕੌਰ, ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਹਿਦਾਇਤਾਂ ਜਾਰੀ ਕਰਨ ਕਿ ਸਾਰੇ ਆਪਣੀ ਜ਼ਿਮੇਵਾਰੀ ਸਮਝਣ ਅਤੇ ਸੋਹਣੇ ਸਮਾਜ਼ ਦੀ ਰਚਨਾ ਵਿਚ ਅਪਣਾ ਬਣਦਾ ਯੋਗਦਾਨ ਪਾਉਣ।

Written By
The Punjab Wire