ਗੁਰਦਾਸਪੁਰ, 27 ਮਈ (ਮੰਨਣ ਸੈਣੀ)। ਸ਼ੁੱਕਰਵਾਰ ਨੂੰ ਸਪੈਸ਼ਲ ਬ੍ਰਾਂਚ ਦੀ ਟੀਮ ਵੱਲੋਂ ਨਸ਼ੇ ਸਮੇਤ ਫੜਿਆ ਗਿਆ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਥਾਣਾ ਸਦਰ ਗੁਰਦਾਸਪੁਰ ਤੋਂ ਫਰਾਰ ਹੋ ਗਿਆ। ਜਿਸ ਵਿੱਚ ਪੁਲਿਸ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੋਸ਼ੀ ਦੇ ਭੱਜਣ ਤੋਂ ਬਾਦ ਪੁਲੀਸ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ ਹਨ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਵੀ ਤੁਰੰਤ ਐਕਸਨ ਲੈਂਦੇ ਹੋਏ ਪੁਲੀਸ ਟੀਮ ਦਾ ਗਠਨ ਕਰ ਫਰਾਰ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ।ਉਧਰ ਹੀ ਲਾਪਰਵਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਉੱਚ ਅਧਿਕਾਰੀਆਂ ਵੱਲੋਂ ਇਸ ਸਬੰਧੀ ਲਾਪਰਵਾਹੀ ਵਰਤਣ ਵਾਲੇ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਰਿਪੋਰਟ ਤਲਬ ਕਰ ਲਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਦੀ ਸਪੈਸ਼ਲ ਬਰਾਂਚ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਮੁਲਜ਼ਮ ਮੁਹੰਮਦ ਮੁਰਾਦ ਅਲੀ (ਅਲੀ ਬਾਬਾ) ਵਾਸੀ ਹਰਦੋਚੰਨੀ ਰੋਡ ਬਾਈਪਾਸ ਅਤੇ ਵਿੱਕੀ ਪੁੱਤਰ ਪ੍ਰੇਮ ਮਸੀਹ ਵਾਸੀ ਪਿੰਡ ਡਬੁੱਦੀ ਨੂੰ ਗੁਰੂ ਨਾਨਕ ਐਵੀਨਿਊ ਨੇੜੇ ਹਰਦੋਚੰਨੀ ਰੋਡ ’ਤੋਂ ਕਾਬੂ ਕੀਤਾ। ਮੁਲਾਜ਼ਮਾਂ ਵੱਲੋਂ ਇਨ੍ਹਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਇੱਕ ਪਾਸੇ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਨ ਦੀ ਕਾਰਵਾਈ ਕਰਨ ਜਾ ਰਹੀ ਲਈ ਥਾਣੇ ਲੈ ਕੇ ਗਈ। ਉਸੇ ਦੌਰਾਨ ਮੁਹੰਮਦ ਮੁਰਾਦ ਅਲੀ (ਅਲੀ ਬਾਬਾ) ਪੁਲਿਸ ਨੂੰ ਚਕਮਾ ਦੇ ਕੇ ਕਿਸੇ ਹੋਰ ਨਾਲ ਮੋਟਰਸਾਈਕਲ ਤੇ ਥਾਣੇ ਚੋ ਫਰਾਰ ਹੋ ਗਿਆ।ਪੁਲਿਸ ਨੂੰ ਉਕਤ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ।
ਦੋਸ਼ੀ ਦੇ ਫਰਾਰ ਹੋਣ ਦੇ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ ਵਿੱਚ ਅਫਰਾ ਤਫਰੀ ਫੈਲ ਗਈ ਅਤੇ ਇਸ ਦੌਰਾਨ ਪੁਲਿਸ ਵੱਲੋਂ ਕਈ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਸੂਤਰਾਂ ਅਨੂਸਾਰ ਫਰਾਰ ਹੋਏ ਅਲੀ ਬਾਬਾ ਦੀ ਪਤਨੀ ਨੂੰ ਵੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਪਤਾ ਲੱਗਾ ਕਿ ਪੁਲਿਸ ਵੱਲੋਂ ਦੋ ਪੁਲਿਸ ਦੇ ਏਐਸਆਈ ਪੱਧਰ ਦੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪਰ ਇਸ ਸਬੰਧੀ ਐਸਪੀ (ਡੀ) ਮੁਕੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਲਾਪਰਵਾਹੀ ਵਰਤਣ ਵਾਲੇ ਪੁਲੀਸ ਮੁਲਾਜ਼ਮਾਂ ਦੀ ਰਿਪੋਰਟ ਤਲਬ ਕਰ ਲਈ ਹੈ ਅਤੇ ਜਿਸ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਵੇਗੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।