ਦਫ਼ਤਰਾਂ ਅਤੇ ਹਸਪਤਾਲਾਂ ਦੇ ਕੰਮ ਵਿੱਚ ਪੈ ਰਿਹਾ ਅੜਿੱਕਾ, ਪਨਪ ਰਿਹਾ ਸਰਕਾਰੀ ਮੁਲਾਜ਼ਮਾ ਅੰਦਰ ਰੋਸ਼
ਕੁਝ ਡਾਕਟਰਾਂ ਦਾ ਕਹਿਣਾ ਨਹੀਂ ਝੱਲ ਸੱਕਦੇ ਮਾਨਸਿਕ ਤਸ਼ੱਦਦ, ਇੰਜ ਰਿਹਾ ਤਾਂਂ ਕੰਮ ਛੱਡ ਦੇਣਾ ਹੀ ਹੋਵੇਗਾ ਚੰਗਾ ਵਿਕਲਪ
ਗੁਰਦਾਸਪੁਰ, 16 ਮਈ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਕਈ ਆਗੂ ਆਪਣੇ ਹੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣੇ ਵਿੱਚ ਨਹੀਂ ਦਿਸਦੇ ਜਾਪ ਰਹੇ ਅਤੇ ਚੋਣਾਂ ਵਾਲੇ ਮੋਡ ਵਿੱਚੋਂ ਬਾਹਰ ਹੀ ਨਹੀਂ ਆ ਰਹੇ। ਆਪ ਦੇ ਆਗੂ ਪਾਰਟੀ ਸੁਪਰੀਮੋਂ ਦੀ ਗੱਲ ਨੂੰ ਅਨਗੌਹਲਿਆਂ ਕਰ ਬਿਨਾਂ ਕਿਸੇ ਸੰਵਿਧਾਨਿਕ ਅਹੁਦੇ ਦੇ ਲੋਕਤੰਤਰ ਦੇ ਨਿਯਮਾਂ ਦੀਆਂ ਧੱਜਿਆਂ ਉੜਾਉਂਦੇ ਦਿੱਖ ਰਹੇ ਹਨ। ਇਹਨਾਂ ਪਾਰਟੀ ਆਗੂਆਂ ਵੱਲੋਂ ਅਚਾਨਕ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਿਸੇ ਵੀ ਸਰਕਾਰੀ ਦਫਤਰ ਵਿੱਚ ਵੜ ਜਾਣਾ ਅਤੇ ਅਚੌਕ ਲਾਈਵ ਦੌਰਾ ਕਰ ਦੇਣਾ ਆਮ ਜਿਹੀਂ ਗੱਲ ਹੋ ਗਈ ਹੈ। ਇਸ ਲਾਇਵ ਦੋਰੇਆਂ ਨਾਲ ਜਿੱਥੇ ਇਹ ਆਗੂ ਆਪਣੀ ਨੀਜੀ ਸਿਆਸਤ ਚਮਕਾਉਂਦੇ ਦਿੱਖ ਰਹੇ ਹਨ ਉਥੇ ਹੀ ਇਹਨਾਂ ਕਾਰਨ ਦੇ ਸਦਕੇ ਕਰਮਚਾਰੀ ਡਰ ਅਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ। ਆਮ ਲੋਕਾਂ ਦੇ ਕੰਮ ਵਿੱਚ ਜੋਂ ਅੜਚਨ ਪੈ ਰਹੀ ਹੈ ਸੋਂ ਅਲਗ। ਸਰਕਾਰੀ ਦਫਤਰਾਂ ਅਤੇ ਹਸਤਪਾਲਾਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਹਿਲਾ ਬੁਣਿਆਦੀ ਸਹੁਲਤਾਂ ਤਾਂ ਸਰਕਾਰ ਦੇਵੇਂ ਫੇਰ ਹੀ ਉਹ ਲੋਕਾਂ ਨੂੰ ਚੰਗੀ ਉੱਚ ਪੱਧਰੀ ਸੁਵਿਧਾ ਦੇ ਸਕਣਗੇਂ।
ਦੱਸਣਯੋਗ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਆਪਣੇ ਵਿਧਾਇਕਾਂ, ਪਾਰਟੀ ਆਗੂਆਂ ਨੂੰ ਸੰਦੇਸ਼ ਦਿੰਦੀਆਂ ਕਿਹਾ ਸੀ ਕਿ ਹੁਣ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ। ਤੁਹਾਨੂੰ ਅਫਸਰਾਂ ਨਾਲ ਲੜਨ ਦੀ ਲੋੜ ਨਹੀਂ ਹੈ, ਸਿਰਫ ਕਲਮ ਦੀ ਵਰਤੋਂ ਕਰੋ। ਅਫਸਰਾਂ ਦੇ ਕੰਮ ਵਿੱਚ ਅੜਿੱਕਾ ਨਾ ਪਾਓ, ਜੇ ਉਹ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ਼ ਲਿਖੋਂ, ਜੋ ਖਾਮੀ ਦਿਸ਼ਦੀ ਹੈ ਉਸ ਨੂੰ ਉਜਾਗਰ ਕਰਦੇ ਹੋਏ ਸਰਕਾਰ ਅੱਗੇ ਰੱਖੋਂ। ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਤੋਂ ਉਲਟ ਹੁੰਦਾ ਜਾਪ ਰਿਹਾ। ਕੋਈ ਸੰਵਿਧਾਨਕ ਅਹੁਦਾ ਨਾ ਹੋਣ ਦੇ ਬਾਵਜੂਦ ਸਰਕਾਰੀ ਕਾਗਜ਼ਾਂ ਦੀ ਖੁਦ ਲਾਈਵ ਚੈਕਿੰਗ ਕੀਤੀ ਜਾ ਰਹੀ ਹੈ, ਅਧਿਕਾਰੀਆਂ ਦੀ ਕਲਾਸਾਂ ਲਗਾਈਆਂ ਜਾ ਰਹੀਆਂ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸੇ ਬਹਾਨੇ ਫਾਲੋਅਰਜ਼ ਵਧਾਏ ਜਾ ਰਹੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸਰਕਾਰ ਤਾਂ ਆਪ ਦੀ ਬਣ ਗਈ ਹੈ ਪਰ ਇੱਥੇ ਕਈ ਹਲਕੇ ਅਜਿਹੇ ਹਨ ਜਿਨਾਂ ਅੰਦਰ ਕਾਂਗਰਸ ਦੇ ਵਿਧਾਇਕ ਜਿੱਤੇ ਹਨ।
ਅਜਿਹੀ ਹੀ ਇੱਕ ਚੈਕਿੰਗ ਸੋਮਵਾਰ ਨੂੰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਹੋਈ। ਜੋ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਵੱਲੋਂ ਇੱਕ ਮਰੀਜ਼ ਤੋਂ ਸ਼ਿਕਾਇਤ ਮਿਲਣ ‘ਤੇ ਕੀਤੀ ਗਈ ਸੀ। ਸ਼ਿਕਾਇਤ ਮਿਲਣ ਤੇ ਤੱਤਕਾਲ ਚੈਕਿੰਗ ਕਰਨਾ ਬਣਦਾ ਵੀ ਸੀ। ਪਰ ਇਸ ਚੈਕਿੰਗ ਦੌਰਾਨ ਜ਼ਿਲ੍ਹਾ ਪ੍ਧਾਨ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਲਾਈਵ ਹੋਏ। ਆਪਣੇ ਪਾਰਟੀ ਵਰਕਰਾਂ ਨਾਲ ਸਿਵਲ ਹਸਪਤਾਲ ਪਹੁੰਚ ਆਪਣਾ ਔਹਦਾ ਦੱਸ ਲੋਕਾਂ ਤੋਂ ਉਹਨਾਂ ਦੀਆਂ ਮੁਸ਼ਕਿਲਾਂ ਵੀ ਸੁਣਿਆਂ। ਇਸੇ ਦੌਰਾਨ ਉਹ ਲਾਈਵ ਹੀ ਗਾਇਨੀ ਦੀ ਡਾਕਟਰ ਜੋਤੀ ਦੇ ਕਮਰੇ ਵਿਚ ਗਏ ਅਤੇ ਭੀੜ ਦੇ ਖੜੇ ਹੋਣ ਦਾ ਕਾਰਨ ਪੁਛਿਆਂ। ਜਿਸ ਤੇ ਪਹਿਲਾਂ ਤੋਂ ਹੀ ਭਾਰੀ ਰੱਸ਼ ਵਿੱਚ ਮਰੀਜ਼ ਦੇਖ ਰਹੀ ਡ਼ਾ ਜੋਤੀ ਨੇ ਸਟਾਫ਼ ਪੂਰਾ ਨਾ ਹੋਣ ਦੇ ਬਾਵਜੂਦ ਆਪ ਕੰਮ ਕਰਨ ਦੀ ਗੱਲ਼ ਕਹੀ ਅਤੇ ਸਟਾਫ ਵਧਾਉਣ ਸੰਬੰਧੀ ਮੰਗ ਰੱਖ ਫੇਰ ਆਪਣੇ ਕੰਮ ਵਿੱਚ ਹੀ ਰੁੱਝ ਗਈ। ਕਿਉਕਿ ਸੋਮਵਾਰ ਹੋਣ ਕਾਰਨ ਮਰੀਜ਼ਾਂ ਦੀ ਭੀੜ ਜ਼ਿਆਦਾ ਸੀ, ਇਸ ਲਈ ਸ਼ਾਇਦ ਉਹਨਾਂ ਵੱਲ਼ੋਂ ਪਹਿਲਾਂ ਮਰੀਜ਼ ਵੇਖਣੇ ਜਿਆਦਾ ਜਰੂਰੀ ਸਮਝੇ ਗਏ। ਇਸ ਤੋਂ ਬਾਅਦ ਲਾਈਵ ਹੀ ਪਾਰਟੀ ਦੇ ਜ਼ਿਲਾ ਪ੍ਰਧਾਨ ਵੱਲੋਂ ਹੱਡੀਆਂ ਦੇ ਮਾਹਿਰ ਡਾਕਟਰ ਦਿਨੇਸ਼ ਦੇ ਕਮਰੇ ਦਾ ਦੌਰਾ ਕੀਤਾ ਗਿਆ, ਪਰ ਡਾਕਟਰ ਆਪਣੀ ਕੁਰਸੀ ਤੋਂ ਨਦਾਰਦ ਪਾਏ ਗਏ । ਜਿਸ ਸੰਬੰਧੀ ਉਹਨਾਂ ਵੱਲ਼ੋਂ ਕੜਾ ਰੁੱਖ ਦਿਖਾਉਂਦੇ ਹੋਇਆ ਐਸ.ਐਮ.ਓ ਡਾ: ਚੇਤਨਾ ਦੇ ਕਮਰੇ ਵਿੱਚ ਲਾਇਵ ਹੀ ਜਾ ਪਹੁੰਚ ਕੀਤੀ ਗਈ।
ਵਾਹਲਾਂ ਵਲੋਂ ਐਸਐਮਓ ਨੂੰ ਮਹਿਲਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਦੱਸਿਆ ਗਿਆ। ਪਰ ਮੌਕੇ ਤੇ ਹੀ ਡ਼ਾ ਚੇਤਨਾ ਵੱਲੋਂ ਉਹਨਾਂ ਜਵਾਬ ਵਿੱਚ ਦੱਸਿਆ ਗਿਆ ਕਿ ਸਟਾਫ਼ ਦੀ ਘਾਟ ਸੰਬੰਧੀ ਪਹਿਲਾ ਹੀ ਵਿਭਾਗ ਅਤੇ ਸਰਕਾਰ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਡਾ: ਚੇਤਨਾ ਵਲੋਂ ਜਿਲਾ ਪ੍ਰਧਾਨ ਵੱਲੋਂ ਬਣਾਈ ਜਾ ਰਹੀ ਵੀਡੀਓ ਨੂੰ ਵੀ ਬੰਦ ਕਰਨ ਲਈ ਕਿਹਾ ਗਿਆ ਜੋਂ ਲਾਈਵ ਚਲ ਰਹੀ ਸੀ। ਦੋਹਾਂ ਦੀਆਂ ਫੇਸਬੁੱਕ ਗੱਲਾ ਦਾ ਲੋਕਾਂ ਨੇ ਕਾਫੀ ਲੁੱਤਫ ਲਿਆ। ਜਿਸ ਤੋਂ ਬਾਅਦ ਪ੍ਰਧਾਨ ਵੱਲੋਂ ਅਮਰਜੈਂਸੀ ਅਤੇ ਵਾਰਡ਼ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ਤੇ ਹੀ ਲਾਈਵ ਪੁਲਿਸ ਨੂੰ ਵੀ ਕਾਰਵਾਈ ਨਾ ਕਰਨ ਸੰਬੰਧੀ ਫੋਨ ਲਗਾਏ ਗਏ, ਜਿਸ ਤੇ ਉਹਨਾਂ ਨੂੰ ਲਾਇਕ ਵੀ ਮਿਲੇ।
ਇਸ ਸਬੰਧੀ ਜਦੋਂ ਐਸ.ਐਮ.ਓ ਡਾ: ਚੇਤਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਜ਼ਿਲ੍ਹਾ ਪ੍ਰਧਾਨ ਵਾਹਲਾ ਆਏ ਤਾਂ ਉਹ ਆਪਣੇ ਕਮਰੇ ਵਿੱਚ ਸਨ ਅਤੇ ਉਹ ਕਿਸੇ ਦੀ ਨਿਜੀ ਕੰਮ ਨੂੰ ਲੈ ਕੇ ਆਏ ਸੀ| ਮਰੀਜ਼ ਦਾ ਕੋਈ ਇੰਸ਼ੋਰੈਸ ਦਾ ਕੇਸ ਸੀ ਅਤੇ ਮਰੀਜ਼ ਚਾਹੁੰਦਾ ਸੀ ਕਿ ਡਾਕਟਰ ਉਸ ਦੇ ਅਨੁਸਾਰ ਕੁਝ ਲਿਖ ਦੇਵੇ। ਜਿਸ ਤੋਂ ਡਾਕਟਰ ਇਨਕਾਰ ਕਰ ਰਹੇ ਸਨ। ਉਸ ਨੇ ਦੱਸਿਆ ਕਿ ਡਾਕਟਰ ਦਿਨੇਸ਼ ਦੇ ਕਮਰੇ ਵਿੱਚ ਨਾ ਹੋਣ ਦਾ ਗੱਲ ਕਹੀ ਗਈ, ਜਦੋਂ ਡਾਕਟਰ ਦਿਨੇਸ਼ ਤੋਂ ਪੁਛਿਆ ਗਿਆ ਤਾਂ ਉਹ ਅਪਰੇਸ਼ਨ ਥੀਏਟਰ ਵਿੱਚ ਸਨ। ਐਸ.ਐਮ.ਓ ਨੇ ਦੱਸਿਆ ਕਿ ਹਸਪਤਾਲ ਮੈਨੇਜਮੈਂਟ ਵੱਲੋਂ ਪਹਿਲਾਂ ਹੀ ਵਿਭਾਗ ਨੂੰ ਸਾਰੀਆਂ ਦਵਾਈਆਂ, ਫੰਡਾਂ ਦੀ ਘਾਟ, ਸਟਾਫ਼ ਦੀ ਕਮੀ ਸਬੰਧੀ ਪੱਤਰ ਵਿਭਾਗ ਜਰਿਏ ਸਰਕਾਰ ਨੂੰ ਭੇਜਿਆਂ ਜਾ ਚੁੱਕਾ ਹੈ। ਉਪਰੋਕਤ ਘਾਟ ਦੇ ਬਾਵਜੂਦ ਹਸਪਤਾਲ ਪ੍ਰਬੰਧਨ ਵਧੀਆ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡ਼ਾ ਹਸਪਤਾਲ ਵਧਿਆ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਕਿਸੇ ਵੀ ਚੈਕਿੰਗ ਤੋਂ ਕੋਈ ਗੁਰੇਜ ਨਹੀ।
ਜ਼ਿਲਾ ਪ੍ਰਧਾਨ ਦੀ ਫੇਰੀ ਤੇ ਕੀ ਹੈ ਕਰਮਚਾਰੀਆਂ, ਡਾਕਟਰਾਂ ਦਾ ਕਹਿਣਾ
ਜਿਲਾ ਪ੍ਰਧਾਨ ਵੱਲੋਂ ਕੀਤੀ ਗਈ ਇਸ ਚੈਕਿਂਗ ਬਾਬਤ ਕਈ ਡਾਕਟਰਾਂ, ਸਟਾਫ ਅਤੇ ਕਰਮਚਾਰੀਆਂ ਨੇ ਤਿੱਖਾ ਪ੍ਰਤੀਕਰਮ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਅਚੌਕ ਦੌਰੇ ਤੋਂ ਕੋਈ ਪਰਹੇਜ ਨਹੀਂ ਹੈ। ਉਹ ਚਾਹੁੰਦੇ ਹਨ ਕਿ ਅਫਸਰ ਯਾ ਸੰਵੈਧਾਨਿਕ ਔਹਦੇ ਤੇ ਬੈਠੇ ਨੇਤਾ ਆ ਕੇ ਉਹਨਾਂ ਦੀ ਮੰਗ ਨੂੰ ਸੁਣੇ ਅਤੇ ਪੂਰੀ ਹੋਵੇ। ਪਰ ਹੁਣ ਨਵਾਂ ਬਦਲਾਵ ਆ ਗਿਆ ਹੈ ਪਾਰਟੀ ਦਾ ਕੋਈ ਵੀ ਵਰਕਰ ਉਠਦਾ ਹੈ ਅਤੇ ਬਿਨਾਂ ਦੱਸੇ ਲਾਈਵ ਹੋ ਜਾਂਦਾ ਹੈ ਅਤੇ ਮਾਨ ਸਨਮਾਨ ਭਾਲਦਾ ਹੈ। ਜਿਸ ਨਾਲ ਉਹਨਾਂ ਦੇ ਕੰਮ ਵਿੱਚ ਵਿਘਣ ਪੈਂਦਾ। ਵਰਕਰਾਂ ਨੂੰ ਪਹਿਲਾਂ ਸਰਕਾਰ ਨਾਲ ਸੰਪਰਕ ਕਰ ਇਹ ਜਾਣਕਾਰੀ ਹਾਸਿਲ ਕਰਨੀ ਚਾਹਿਦੀ ਹੈ ਕਿ ਜ਼ਿਸ ਵੀ ਵਿਭਾਗ ਅੰਦਰ ਉਹ ਚੈਕਿੰਗ ਕਰਨ ਜਾ ਰਹੇ ਹਨ, ਉਸ ਵਿਭਾਗ ਨੂੰ ਸਰਕਾਰ ਬਨਣ ਤੋਂ ਬਾਅਦ ਕਿੰਨਾ ਫੰਡ ਭੇਜਿਆਂ ਗਿਆ ਯਾ ਉਹਨਾਂ ਦੀਆਂ ਕਿਹੜੀਆਂ ਵਾਜਿਬ ਮੰਗਾ ਦਾ ਹੱਲ ਹੋਇਆ ਹੈ। ਉਹਨਾਂ ਰੋਸ਼ ਭਰੇ ਲਹਜ਼ੇ ਵਿੱਚ ਕਿਹਾ ਕਿ ਐਵੇ ਉਨ੍ਹਾਂ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ ਅਤੇ ਕੰਮ ਪ੍ਰਭਾਵਿਤ ਹੋ ਰਿਹਾ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਉਨ੍ਹਾਂ ਲਈ ਨੌਕਰੀ ਛੱਡਣਾ ਹੀ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੂੰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।