ਗੁਰਦਾਸਪੁਰ, 12 ਮਈ ( ਮੰਨਣ ਸੈਣੀ)। ਪੰਜਾਬ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਅਣ- ਅਧਿਕਾਰਤ ਕਾਲੋਨੀਆਂ ਵਿਰੁੱਧ ਵਿੱਢੀ ਗਈ ਮਹਿੰਮ ਤਹਿਤ ਰੈਗੂਲੇਟਰੀ ਵਿੰਗ ਵਲੋਂ ਹਯਾਤਨਗਰ (ਗੁਰਦਾਸਪੁਰ) ਅਤੇ ਬਖਸ਼ੀਵਾਲ (ਕਲਾਨੋਰ) ਪਿੰਡ ਹੇਮਰਾਜਪੁਰ, ਪਿੰਡ ਕੋਟਲਾ ਮੁਗਲਾਂ ਅਤੇ ਕਲਾਨੋਰ ਵਿਖੇ ਅਣ-ਅਧਿਕਾਰਤ ਕਾਲੋਨੀਆਂ ਅੰਦਰ ਹੋ ਰਹੀ ਉਸਾਰੀਆਂ ਦਾ ਮੌਕੇ ’ਤੇ ਕੰਮ ਬੰਦ ਕਰਵਾਇਆ ਗਿਆ। ਇਸ ਦੇ ਨਾਲ ਹੀ ਉਕਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਨਿਯਮਾਂ ਅਨੁਸਾਰ ਸਬੰਧ ਦਫਤਰ ਵਿਚ ਕੇਸ ਅਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ -ਨਿਰਦੇਸ਼ਾਂ ਤਹਿਤ ਜ਼ਿਲੇ ਗੁਰਦਾਸਪੁਰ ਅੰਦਰ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਸ਼ ਸਬੰਧੀ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ। ਉਹ ਨਿਯਮਾਂ ਤਹਿਤ ਆਪਣੇ ਕੇਸ ਦਫਤਰ ਵਿਚ ਅਪਲਾਈ ਕਰਨ। ਡਾ. ਅਮਨਦੀਪ ਕੌਰ ਵੱਲੋਂ ਕਾਲੋਨੀ ਮਾਲਕਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਕਾਲੋਨੀ ਕੱਟਣ ਤੋਂ ਪਹਿਲਾਂ ਸਬੰਧਿਤ ਵਿਭਾਗ ਕੋਲ ਕੇਸ ਅਪਲਾਈ ਕਰਨ ਤੇ ਮੰਨਜੂਰੀ ਮਿਲਣ ਉਪਰੰਤ ਹੀ ਕੰਮ ਕਰਨ।