ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ ਐਲਾਨੀਆਂ ਜ਼ਿਆਦਾ ਛੁੱਟੀਆਂ ਦੇ ਫ਼ਰਮਾਨ ਤੋਂ ਪ੍ਰੇਸ਼ਾਨ ਮਾਪੇ

ਪੰਜਾਬ ਸਰਕਾਰ ਵੱਲੋਂ ਐਲਾਨੀਆਂ ਜ਼ਿਆਦਾ ਛੁੱਟੀਆਂ ਦੇ ਫ਼ਰਮਾਨ ਤੋਂ ਪ੍ਰੇਸ਼ਾਨ ਮਾਪੇ
  • PublishedMay 10, 2022

ਫੈਡਰੇਸ਼ਨ ਅਤੇ ਮਾਪਿਆਂ ਰੱਖੀ ਮੰਗ ਛੁੱਟੀਆਂ ਨੂੰ 45 ਦਿਨ ਤੋਂ ਘਟਾ ਕੇ 30 ਦਿਨ ਦੀਆਂ ਕੀਤੀਆਂ ਜਾਣ

ਗੁਰਦਾਸਪੁਰ, 10 ਮਈ (ਮੰਨਣ ਸੈਣੀ)। ਪੰਜਾਬ ਵਿੱਚ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਗਰਮੀਆਂ ਦੀਆਂ ਛੁੱਟੀਆਂ 45 ਦਿਨਾਂ ਦੀਆਂ ਐਲਾਨੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪਿਛਲੇ ਦੋ ਸਾਲ ਕਰੋਨਾ ਕਾਲ ਦੌਰਾਨ ਵਿਦਿਆਰਥੀ ਸਹੀ ਢੰਗ ਨਾਲ ਕਲਾਸਾਂ ਨਹੀਂ ਲਗਾ ਸਕੇ ਜਿਸ ਦੀ ਘਾਟ ਕਈ ਸਾਲਾਂ ਵਿੱਚ ਪੂਰੀ ਹੋਵੇਗੀ। ਹੁਣ ਜਦੋਂ
ਮਾਹੌਲ ਸੁਖਾਵਾਂ ਹੋਇਆ ਹੈ ਅਤੇ ਸਕੂਲ ਪ੍ਰਬੰਧਕ ਇਸ ਗੱਲ ਦਾ ਮਨ ਬਣਾ ਰਹੇ ਸਨ ਕਿ ਜੂਨ ਦੀਆਂ ਛੁੱਟੀਆਂ ਘੱਟ ਤੋਂ ਘੱਟ ਕੀਤੀਆਂ ਜਾਣ, ਅਜਿਹੇ ਮੌਕੇ ਸਰਕਾਰ ਦੁਆਰਾ 45 ਦਿਨ ਦੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ ਜੋ ਕਿ 15 ਮਈ ਤੋਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਸਬੰਧ ਵਿੱਚ ਜਾਰੀ ਫਰਮਾਨ ਹਾਸੀ ਦਾ ਪਾਤਰ ਬਣਿਆ ਹੋਇਆ ਹੈ ਜਿਸ ਵਿੱਚ ਸਰਕਾਰੀ ਸਕੂਲਾਂ ਨੂੰ ਦੋ ਸ਼ਿਫਟਾਂ ਵਿੱਚ ਲਗਾਉਣ ਦੀ ਗੱਲ ਕੀਤੀ ਗਈ ਹੈ ਜਿਸ ਵਿੱਚ ਦੂਜੀ ਸ਼ਿਫਟ ਦੁਪਹਿਰ 12.30 ਵਜੇ ਤੋਂ ਸ਼ੁਰੂ ਹੋਵੇਗੀ।

ਉਹਨਾਂ ਦੱਸਿਆ ਕਿ ਛੁੱਟੀਆਂ ਦੇ ਇਸ ਐਲਾਨ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪੇ ਬਹੁਤ ਨਰਾਜ਼ ਹਨ ਅਤੇ ਉਹ ਸਕੂਲਾਂ ਨੂੰ ਆਪਣੀ ਲਿਖਤੀ ਸਹਿਮਤੀ ਦੇ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਭੇਜਣ ਲਈ ਤਿਆਰ ਹਨ। ਇਸ ਮੌਕੇ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਤੀਨਿਧ ਡਾਂ.ਮੋਹਿਤ ਮਹਾਜਨ ਨੇ ਕਿਹਾ ਕਿ ਸਰਕਾਰ ਨੇ ਆਪਣੇ ਸਰਕਾਰੀ ਸਕੂਲਾਂ ਵਿੱਚ ਯੋਗ ਪ੍ਰਬੰਧ ਨਾ ਹੋਣ ਕਾਰਨ ਇਹ ਐਲਾਨ ਕੀਤਾ ਹੈ ਜਦੋਂ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਗਰਮੀ ਤੋਂ ਬਚਣ ਲਈ ਹਰ ਤਰ੍ਹਾਂ ਦੇ ਦੁਕਵੇਂ ਪ੍ਰਬੰਧ ਹਨ। ਫੈਡਰੇਸ਼ਨ ਅਤੇ ਮਾਪਿਆਂ ਵੱਲੋਂ ਇਹ ਮੰਗ ਹੈ ਕਿ ਛੁੱਟੀਆਂ ਨੂੰ 45 ਦਿਨ ਤੋਂ ਘਟਾ ਕੇ 30 ਦਿਨ ਦੀਆਂ ਕੀਤੀਆਂ ਜਾਣ ਤਾਂ ਜੋ ਵਿਦਿਆਰਥੀ ਠੀਕ ਢੰਗ ਨਾਲ ਪੜ੍ਹਾਈ ਕਰ ਸਕਣ। ਮਈ ਮਹੀਨੇ ਦਾ ਮੌਸਮ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਾਤਾਵਰਨ ਪੜ੍ਹਾਈ ਲਈ ਠੀਕ ਹੈ। ਇਸ ਦੇ ਉਲਟ ਜੁਲਾਈ ਵਿੱਚ ਨਾ-ਸਹਿਣਯੋਗ ਗਰਮੀ ਹੁੰਦੀ ਹੈ।

Written By
The Punjab Wire