ਰਾਜਪੂਤ ਭਾਈਚਾਰੇ ਅਤੇ ਅਮਨ ਪਸੰਦ ਲੋਕਾਂ ਵਿਚ ਰੋਸ ਦੀ ਲਹਿਰ
ਕਾਹਨੂੰਵਾਨ, 9 ਮਈ (ਕੁਲਦੀਪ ਜਾਫਲਪੁਰ)। ਪਿੰਡ ਕਾਹਨੂੰਵਾਨ ਵਿੱਚ ਰਾਜਪੂਤ ਭਾਈਚਾਰੇ ਦੇ ਸਤਿਕਾਰਯੋਗ ਅਤੇ ਇਤਿਹਾਸ ਵਿੱਚ ਵਿਸ਼ੇਸ਼ ਦਰਜਾ ਰੱਖਣ ਵਾਲੇ ਮਹਾਰਾਣਾ ਪ੍ਰਤਾਪ ਦਾ ਇੱਕ ਵਿਸ਼ਾਲ ਪਾਰਕ ਅਤੇ ਬੁੱਤ ਬਣਿਆ ਹੋਇਆ ਹੈ। ਇਸ ਬੁੱਤ ਨਾਲ ਕੁਝ ਸ਼ਰਾਰਤੀ ਲੋਕਾਂ ਵੱਲੋਂ ਛੇੜਖਾਨੀ ਕੀਤੀ ਗਈ ਹੈ। ਜਿਸ ਕਾਰਨ ਰਾਜਪੂਤ ਭਾਈਚਾਰੇ ਵਿੱਚ ਅਤੇ ਇਲਾਕੇ ਦੇ ਅਮਨਪਸੰਦ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਪੂਤ ਸਭਾ ਦੇ ਪ੍ਰਧਾਨ ਠਾਕੁਰ ਸਤੀਸ਼ ਸਿੰਘ ਸਰਪੰਚ ਠਾਕੁਰ ਆਫਤਾਬ ਸਿੰਘ ਸਾਬਕਾ ਸਰਪੰਚ ਠਾਕੁਰ ਪਵਨ ਸਿੰਘ ਸਾਬਕਾ ਸਰਪੰਚ ਸਾਹਿਬ ਸਿੰਘ ਨੇ ਦੱਸਿਆ ਕਿ ਹਰ ਸਾਲ 9 ਮਈ ਨੂੰ ਮਹਾਰਾਣਾ ਪ੍ਰਤਾਪ ਦੀ ਜੈਅੰਤੀ ਮਨਾਈ ਜਾਂਦੀ ਹੈ।
ਇਸ ਮੌਕੇ ਯੂਥ ਕਲੱਬ ਦੇ ਕੁਝ ਵਰਕਰ ਅਤੇ ਆਗੂ ਮਹਾਰਾਣਾ ਪ੍ਰਤਾਪ ਪਾਰਕ ਦੀ ਸਾਫ਼ ਸਫ਼ਾਈ ਕਰਨ ਆਏ ਤਾਂ ਉਨ੍ਹਾਂ ਨੇ ਮਰਨ ਪ੍ਰਤਾਪ ਦੀ ਸਵਾਰੀ ਵਾਲੇ ਘੋੜੇ ਦੇ ਬੁੱਤ ਨਾਲ ਛੇੜਖਾਨੀ ਵੇਖੀ ਅਤੇ ਉਨ੍ਹਾਂ ਦੇ ਇਸ ਦੀ ਸੂਚਨਾ ਤੁਰੰਤ ਭਾਈਚਾਰੇ ਦੇ ਮੋਹਤਬਰਾਂ ਅਤੇ ਸਥਾਨਕ ਪੁਲਸ ਨੂੰ ਦਿੱਤੀ। ਇਸ ਮੌਕੇ ਇਨ੍ਹਾਂ ਰਾਜਪੂਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਇਹ ਕੁਝ ਸ਼ਰਾਰਤਬਾਜ਼ੀ ਲੋਕਾਂ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਜਿਵੇਂ ਪੰਜਾਬ ਵਿੱਚ ਹੋਰ ਵੀ ਇਕ ਦੂਸਰੇ ਫ਼ਿਰਕਿਆਂ ਨੂੰ ਭੜਕਾਉਣ ਵਾਲੀਆਂ ਹਰਕਤਾਂ ਹੋ ਰਹੀਆਂ ਹਨ ਉਹ ਪੰਜਾਬ ਦੀ ਅਮਨ ਸ਼ਾਂਤੀ ਅਤੇ ਪੰਜਾਬੀਆਂ ਦੇ ਭਵਿੱਖ ਲਈ ਠੀਕ ਨਹੀਂ ਹੈ। ਭਾਈਚਾਰੇ ਆਗੂ ਅਤੇ ਇਲਾਕੇ ਦੇ ਮੋਹਤਬਰਾਂ ਨੇ ਥਾਣਾ ਕਾਹਨੂੰਵਾਨ ਦੀ ਪੁਲਸ ਅਤੇ ਜ਼ਿਲਾ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਇਲਾਕੇ ਵਿਚ ਅਜਿਹੀਆਂ ਸ਼ਰਾਰਤਾਂ ਅੱਗੇ ਤੋਂ ਨਾ ਹੋਣ ਇਸ ਲਈ ਇਲਾਕੇ ਵਿਚ ਪੁਲਸ ਦੀ ਗਸ਼ਤ ਵਧਾਈ ਜਾਵੇ।
ਇਸ ਮੌਕੇ ਇਨ੍ਹਾਂ ਭਾਈਚਾਰੇ ਦੇ ਲੋਕਾਂ ਨੇ ਰਾਜਪੂਤ ਭਾਈਚਾਰੇ ਦੇ ਨੌਜਵਾਨ ਵਰਗ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਤੌਰ ਤੇ ਅਜਿਹੇ ਸ਼ਰਾਰਤੀ ਅਨਸਰਾਂ ਦੀ ਭਾਲ ਕਰਨ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ। ਇਸ ਮੌਕੇ ਇਸ ਘਟਨਾ ਦੀ ਨਿਖੇਧੀ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਪਵਨ ਸਿੰਘ,ਅਜੇ ਕੁਮਾਰ ਚੰਦੇਲ, ਠਾਕਰ ਬਲਵਾਨ ਸਿੰਘ ਠਾਕਰ ਸੁਦੇਸ਼ ਸਿੰਘ,ਸੋਨੂੰ ਠਾਕਰ,ਜਤਿੰਦਰ ਠਾਕਰ,ਰਾਜੇਸ਼ ਠਾਕਰ,ਵਿਸ਼ਾਲ ਠਾਕਰ,ਸਚਿਨ ਠਾਕਰ,ਠਾਕਰ ਬਲਵੰਤ ਸਿੰਘ,ਠਾਕਰ ਮਲਕੀਤ ਸਿੰਘ,ਠਾਕਰ ਤਰਸੇਮ ਸਿੰਘ,ਠਾਕਰ ਕਰਨ ਸਿੰਘ,ਠਾਕਰ ਧਰਮ ਸਿੰਘ ਰਣਜੀਤ ਸਿੰਘ, ਸੌਰਵ ਠਾਕੁਰ, ਅਮਿਤ ਠਾਕੁਰ, ਲਵ ਠਾਕਰੁ, ਸੂਰਜ, ਅਰਜੁਨ ਠਾਕੁਰ, ਰਾਜਨ ਠਾਕੁਰ, ਸਾਬੀ ਠਾਕੁਰ, ਸਹਿਲ ਠਾਕੁਰ ਨੇ ਵੀ ਇਸ ਸ਼ਰਾਰਤ ਬਾਜੀ ਦੀ ਨਿਖੇਧੀ ਕੀਤੀ ਹੈ।