ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਅੱਗੇ ਹੋ ਕੇ ਕੀਤੇ ਕਾਰਜ
ਗੁਰਦਾਸਪੁਰ, 8 ਮਈ ( ਮੰਨਣ ਸੈਣੀ )। ਅੱਜ ‘ਵਰਲਡ ਰੈੱਡ ਕਰਾਸ ਸੁਸਾਇਟੀ ਦਿਵਸ’ ਮੋਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਸਮਾਗਮ ਕਰਵਾਇਆ ਗਿਆ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਿਵਲ ਹਸਪਤਾਲ, ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਖੂਨਦਾਨ ਕੈਂਪ ਲਗਾਇਆ। ਇਸ ਮੌਕੇ ਸ੍ਰੀਮਤੀ ਸ਼ੇਹਲਾ ਕਾਦਰੀ (ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ) ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ ਵਲੋਂ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ 5-5-ਲੋੜਵੰਦ ਲੋਕਾਂ ਨੂੰ ਟਰਾਈ ਸਾਇਕਲ ਤੇ ਵੀਲ੍ਹ ਚੇਅਰ ਵੰਡੀਆਂ ਗਈਆਂ ਤੇ ਖੂਨਦਾਨ ਕੈਂਪ ਵਿਚ 26 ਵਲੰਟੀਅਰਾਂ ਵਲੋਂ ਖੂਨਦਾਨ ਕੀਤਾ ਗਿਆ।
ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਸ਼ੇਹਲਾ ਕਾਦਰੀ ਨੇ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਨੇ ਹਮੇਸਾਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਹੈ ਤੇ ਜ਼ਿਲੇ ਅੰਦਰ ਸੁਸਾਇਟੀ ਵਲੋਂ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਗੁਰਦਾਸਪੁਰ, ਧਾਰੀਵਾਲ, ਬਟਾਲਾ ਤੇ ਡੇਰਾ ਬਾਬਾ ਨਾਨਕ ਖੇਤਰ ਦੇ ਲੋੜਵੰਦ ਲੋਕਾਂ ਤੇ ਸਲੱਮ ਏਰੀਆ ਵਿਚ ਰਹਿੰਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਲੱਗੇ ਖੂਨਦਾਨ ਕੈਂਪ ਵਿਚ ਵਲੰਟੀਅਰਾਂ ਵਲੋਂ ਦਿੱਤੇ ਖੂਨਦਾਨ ਦੀ ਸ਼ਲਾਘਾ ਕਰਦਿਆਂ ਉਨਾਂ ਨੇ ਕਿਹਾ ਕਿ ਇਸ ਮਹਾਨ ਕਾਰਜ ਵਿਚ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋੜਵੰਦਾਂ ਅਤੇ ਦੁਰਘਟਨਾਵਾਂ ਵਿਚ ਗੰਭੀਰ ਜ਼ਖਮੀ ਹੋਣ ਵਾਲੇ ਵਿਅਕਤੀ ਜਿਨ੍ਹਾਂ ਦੀ ਖੂਨ ਦੀ ਘਾਟ ਕਾਰਨ ਮੌਤ ਹੋ ਸਕਦੀ ਹੈ ਪਰ ਸਾਡਾ ਦਾਨ ਕੀਤਾ ਹੋਇਆ ਖੂਨ ਉਨ ਨੂੰ ਨਵਾਂ ਜੀਵਨ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਰੋਸ਼ਨਾ ਸਕਦਾ ਹੈ। ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਖੂਨਦਾਨ ਨਾਲ ਅਸੀ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਅਤੇ ਆਸ ਪਾਸ ਲੱਗਣ ਵਾਲੇ ਖੂਨਦਾਨ ਕੈਪਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਰਾਜੀਵ ਸਿੰਘ ਸੈਕਰਟਰੀ ਜਿਲ੍ਹਾ ਰੈੱਡ ਕਰਾਸ ੁਸਾਇਟੀ ਗੁਰਦਾਸਪੁਰ, ਡਾ. ਵਰਿੰਦਰ ਮੋਹਨ, ਡਾ. ਪੂਜਾ, ਸ੍ਰੀਮਤੀ ਸਵਿੰਦਰ ਕੋਰ, ਰਜੇਸ਼ ਬੱਬੀ, ਪ੍ਰੇਮ ਕੁਮਾਰ, ਹਰਦੀਪ ਸਿੰਘਦੀਪਕ ਕੁਮਾਰ ਅਤੇ ਵਲੰਟੀਅਰ ਆਦਿ ਮੋਜੂਦ ਸਨ।