ਗੁਰਦਾਸਪੁਰ, 8 ਮਈ (ਮੰਨਣ ਸੈਣੀ)। ਹਰਦੋਛੰਨੀਆਂ ਰੋਡ ਬਾਈਪਾਸ ਵਿਖੇ ਸਥਿਤ ਵਣ ਵਿਭਾਗ ਦੀ ਜਮੀਨ ਤੇ ਨਾਜਾਇਜ਼ ਢੰਗ ਨਾਲ ਕਬਜ਼ਾ ਕਰ ਢਾਬਾ ਚਲਾਉਣ ਵਾਲੇ ਜਲਵੇ ਢਾਬਾ ਮਾਲਿਕ ਖਿਲਾਫ਼ ਪ੍ਰਸ਼ਾਸਨ ਵੱਲੋਂ ਸੱਖਤ ਰੁੱਖ ਅਖਤਿਆਰ ਕੀਤਾ ਗਿਆ ਹੈ। ਇਸ ਸੰਬੰਧੀ ਥਾਨਾ ਸਦਰ ਗੁਰਦਾਸਪੁਰ ਪੁਲਿਸ ਵਿੱਚ ਮਾਲਕ ਸਮੇਤ 50 ਅਨਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਵਣ ਵਿਭਾਗ ਦੇ ਅਧਿਕਾਰੀ ਵੱਲੋ ਖੋਖਾ ਮਾਲਿਕ ਵੱਲ਼ੋਂ ਲੋਕਾਂ ਦੀ ਭੀੜ ਆਪਣੇ ਹੱਕ ਵਿੱਚ ਇੱਕਠੀ ਕਰਨ, ਮੁਲਾਜਮਾ ਨਾਲ ਬਦਸਲੂਕੀ ਅਤੇ ਹੱਥੋਪਾਈ ਕਰਨ ਦੇ ਦੋਸ਼ਾ ਤਹਿਤ ਦਰਜ ਕਰਵਾਇਆ ਗਿਆ ਹੈ। ਇਸ ਕੇਸ ਵਿੱਚ ਜਲਦੀ ਹੀ ਕਈ ਵਡੇ ਨਾਮ ਅਨਪਛਾਤੇਆਂ ਦੀ ਲਿਸਟ ਵਿੱਚ ਸ਼ੁਮਾਰ ਹੋ ਸਕਦੇ ਹਨ।
ਸ਼ਿਕਾਇਤਕਰਤਾ ਵਣ ਰੇਜ ਮੰਡਲ ਅਫਸਰ ਸਤਨਾਮ ਸਿੰਘ ਅਨੁਸਾਰ 07.05.22 ਨੂੰ ਉਹ ਹਰਦੋਛੰਨੀਆਂ ਬਾਈਪਾਸ ਵਿਖੇ ਕੀਤੇ ਨਜਾਇਜ ਕਬਜੇ ਨੂੰ ਛੁਡਾਉਣ ਲਈ ਜਰਨੈਲ ਸਿੰਘ ਵਣ ਮੰਡਲ ਅਫਸਰ ਗੁਰਦਾਸਪੁਰ, ਬਲਜੀਤ ਸਿੰਘ ਬੀ.ਡੀ.ਪੀ.ਓ ਗੁਰਦਾਸਪੁਰ ਡਿਊਟੀ ਮੈਜਿਸਟਰੇਟ ਅਤੇ ਸੁਰੱਖਿਆ ਲਈ ਤੈਨਾਤ ਪੁਲਿਸ ਫੋਰਸ ਨੂੰ ਨਾਲ ਲੈ ਕੇ ਕਬਜਾ ਛੁਡਾਉਣ ਗਏ। ਪਰ ਇਸ ਮੌਕੇ ਤੇ ਦੋਸੀ ਵਲੋਂ ਲੋਕਾ ਦੀ ਭੀੜ ਆਪਣੇ ਹੱਕ ਵਿੱਚ ਇੱਕਠੀ ਕਰਕੇ ਨਜਾਇਜ ਕਬਜਾ ਨਹੀ ਹਟਾਉਣ ਦਿੱਤਾ ਗਿਆ ਇਸ ਦੇ ਨਾਲ ਹੀ ਮੁਲਾਜਮਾ ਨਾਲ ਬਦਸਲੂਕੀ ਅਤੇ ਹਥੋਪਾਈ ਕੀਤੀ ਗਈ। ਇਸ ਤਰਾਂ ਦੋਸੀ ਅਤੇ ਉਸਦੇ ਪਰਿਵਾਰ ਮੈਂਬਰਾ ਅਤੇ ਹੋਰ ਲੋਕਾ ਵਲੋ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ।
ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਐਸਆਈ ਸੱਤਪਾਲ ਨੇ ਦੱਸਿਆ ਕਿ ਜਲਵਾ ਢਾਬੇ ਦੇ ਮਾਲਕ ਗੁਰਜੀਤ ਸਿੰਘ ਪੁੱਤਰ ਨਾਨਕ ਚੰਦ ਵਾਸੀ ਨਬੀਪੁਰ ਕਲੋਨੀ ਅਤੇ 50 ਅਨਪਛਾਤੇ ਲੋਕਾਂ ਖਿਲਾਫ਼ ਸਰਕਾਰੀ ਕਰਮਚਾਰੀ ਨੂੰ ਉਸ ਦੇ ਫਰਜ਼ ਨੂੰ ਨਿਭਾਉਣ ਤੋਂ ਡਰਾਉਣ ਲਈ ਅਪਰਾਧਿਕ ਸ਼ਕਤੀ ਦੀ ਵਰਤੋਂ ਕਰ ਹਮਲਾ ਕਰਨ, ਲੋਕ ਸੇਵਕ ਨੂੰ ਜਨਤਕ ਕੰਮਾ ਦੇ ਨਿਰਵਹਣ ਵਿੱਚ ਮਰਜੀ ਨਾਲ ਬਾਧਾ ਪਾਉਣ, ਭਾਰਤੀ ਜੰਗਲਾਤ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।