ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼
ਪੰਜਾਬ ਸਰਕਾਰ ਵਲੋ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਪ੍ਰਤੀ ਏਕੜ ਦਿੱਤੇ ਜਾਣਗੇ
ਗੁਰਦਾਸਪੁਰ, 6 ਮਈ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਅਪੀਲ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਜੇਕਰ ਸਾਨੂੰ ਅਗਲੀਆਂ ਪੀੜੀਆਂ ਲਈ ਪਾਣੀ ਬਚਾਉਣਾ ਹੈ ਤਾਂ ਸਾਨੂੰ ਘੱਟ ਪਾਣੀ ਖਪਤ ਕਰਨ ਵਾਲੀਆ ਝੋਨਾ ਕਾਸ਼ਤਕਾਰੀ ਤਕਨੀਕਾਂ ਅਪਨਾਉਣੀਆ ਪੈਣਗੀਆਂ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਅਪਣਾ ਕੇ ਪਾਣੀ ਦੀ ਬੱਚਤ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 1500/- ਦਿੱਤੇ ਜਾਣਗੇ ਜੋ ਲਾਭਪਾਤਰੀਆ ਦੇ ਖਾਤੇ ਵਿੱਚ ਪਾਏ ਜਾਣਗੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੋਰਟਲ ਤੇ ਪੰਜੀਕਿ੍ਰਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਜਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਕੈਪ ਲਗਾਉਣ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਨੂੰ ਪਿੰਡਾਂ ਅੰਦਰ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਰਾਹੀ ਝੋਨੇ ਦੀ ਬਿਜਾਈ ਕਰਨ ਦੇ ਲਾਭ ਅਤੇ ਸੂਬਾ ਸਰਕਾਰ ਵਲੋ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਸਬੰਧੀ ਅਨਾਊਸਮੈਟ ਕਰਵਾ ਕੇ ਜਾਗਰੂਕ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਖੇਤੀਬਾੜੀ ਅਫਸਰ ਡਾ ਰਣਧੀਰ ਠਾਕੁਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸਾਉਣ ਤੋਂ ਪ੍ਰਭਾਵਿਤ,ਗੰਨੇ ਦੀ ਫਸਲ ਤੋ ਵਿਹਲੇ ਹੋਏ ਖੇਤਾਂ ਜਾਂ ਹਲਕੀਆਂ ਜ਼ਮੀਨਾਂ ਵਾਲੇ ਖੇਤਾਂ ਦੀ ਚੋਣ ਨਾਂ ਕੀਤੀ ਜਾਵੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਰ ਵੱਤਰ ਤਕਨੀਕ ਵਰਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾਵੇ।
ਉਨਾਂ ਕਿਹਾ ਕਿ ਕਿਸਾਨ ਗੈਰ ਪ੍ਰਵਾਨਿਤ ਹਾਈਬਿ੍ਰਡ ਕਿਸਮਾਂ ਦੀ ਬਿਜਾਈ ਨਾਂ ਕਰਨ ਕਿਉਂਕਿ ਟੋਟਾ ਜ਼ਿਆਦਾ ਹੋਣ ਕਾਰਨ ਸ਼ੈਲਰ ਮਾਲਕਾਂ ਅਤੇ ਆੜਤੀਆਂ ਨੂੰ ਨੁਕਸਾਨ ਹੁੰਦਾ ਹੈ । ਉਨਾਂ ਕਿਹਾ ਕਿ ਗੈਰ ਪ੍ਰਵਾਨਿਤ ਹਾਈਬਿ੍ਰਡ ਕਿਸਮਾਂ ਦੀ ਕਾਸਤ ਕਰਨ ਨਾਲ ਕਿਸਾਨਾਂ ਦੀ ਵੀ ਖੱਜਲ ਖਰਾਬੀ ਹੁੰਦੀ ਹੈ। ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਮੂੰਗੀ ਦੀ ਕਾਸ਼ਤ ਕਰਕੇ ਪ੍ਰਤੀ ਏਕੜ ਵਧੇਰੇ ਆਮਦਨ ਲਈ ਜਾ ਸਕਦੀ ਹੈ।