ਗੁਰਦਾਸਪੁਰ, 6 ਮਈ (ਮੰਨਣ ਸੈਣੀ)। ਵਿਦੇਸ਼ਾਂ ਵਿੱਚ ਡਾਲਰ ਕਮਾਉਣ ਦੇ ਲਾਲਚ ਵਿੱਚ ਲੋਕ ਆਪਣੇ ਹੀ ਦੇਸ਼ ਦੇ ਲੋਕਾਂ ਤੋਂ ਠੱਗੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੀ ਮਿਹਨਤ ਦੀ ਕਮਾਈ ਗਲਤ ਹੱਥਾਂ ਵਿੱਚ ਨਾ ਦਿਓ। ਪਰ ਇਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।
ਅਜਿਹਾ ਹੀ ਇੱਕ ਮਾਮਲਾ ਥਾਣਾ ਸਦਰ ਅਧੀਨ ਆਉਂਦੇ ਪਿੰਡ ਸਿੱਧਵਾਂ ਜਮੀਤਾਂ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਵਿਅਕਤੀ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਹੁਣ ਉਕਤ ਵਿਅਕਤੀ ਨੇ ਬੇਟੇ ਨੂੰ ਵਿਦੇਸ਼ ਨਾ ਭੇਜਣ ਅਤੇ ਪੈਸੇ ਵਾਪਿਸ ਨਾ ਮਿਲਣ ‘ਤੇ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਹ ਮਾਮਲਾ ਇੱਕ ਸਾਲ ਪਹਿਲਾਂ ਦਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਮੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸਿੱਧਵਾਂ ਜਮਿਤਾਂ ਨੇ ਦੱਸਿਆ ਕਿ ਉਹ ਉਸ ਦੇ ਲੜਕੇ ਰਾਜ ਕਮਲ ਸਿੱਧੂ ਨੂੰ ਵਿਦੇਸ਼ ਕੈਨੇਡਾ ਭੇਜਣਾ ਚਾਹੁੰਦਾ ਸੀ। ਉਸ ਦੀ ਮੁਲਾਕਾਤ ਨਰਿੰਦਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੁਰਦੁਆਰਾ ਮਸਤਗੜ੍ਹ ਵਾਲੀ ਗਲੀ ਗੁਰੂ ਨਾਨਕ ਨਗਰ ਬਟਾਲਾ ਨਾਲ ਹੋਈ ਸੀ। ਜਿਸ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ੀ ਪੜ੍ਹਾਈ ਵੀਜੇ ‘ਤੇ ਭੇਜ ਸਕਦਾ ਹੈ। ਪਰ ਇਸਦੇ ਲਈ ਉਸਨੂੰ 22 ਲੱਖ 73 ਹਜ਼ਾਰ ਰੁਪਏ ਦੇਣੇ ਹੋਣਗੇ। ਜਿਸ ਦੀ ਆੜ ਵਿੱਚ ਉਸ ਨੇ ਪੂਰੀ ਰਕਮ ਅਦਾ ਕਰ ਦਿੱਤੀ। ਪਰ ਮੁਲਜ਼ਮ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਟਾਲ-ਮਟੋਲ ਕਰਦਾ ਰਿਹਾ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਦੂਜੇ ਪਾਸੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।